ਪਹਿਲਾਂ ਤਾਂ ਪੈਰੋਂ ਰੋਕੀਏ ਘਰ ਵਿਚ ਦੁਫਾੜ ਨੂੰ
ਫਿਰ ਕਰ ਲਵਾਂਗੇ ਦੂਰ ਵੀ ਇਕ ਦਿਨ ਵਿਗਾੜ ਨੂੰ
ਜੇ ਕਰ ਮਘੋਰੇ ਕੰਧ 'ਚ ਓਵੇਂ ਹੀ ਕਾਇਮ ਹਨ
ਤਾਂ ਕੀ ਕਰਾਂਗੇ ਕੁੰਡੀਆਂ ਲਾ ਕੇ ਕਿਵਾੜ ਨੂੰ
ਮੈਂ ਤਾਂ ਰਹਸ ਧਰਤ ਦੇ ਖੋਹਲਣ ਨੂੰ ਵੀ ਕਿਹੈ
ਮੈਂ ਕਦ ਕਿਹੈ ਕਿ ਖੋਜਣੋਂ ਹਟੀਏ ਪੁਲਾੜ ਨੂੰ
ਦਾਣੇ ਕਿਵੇਂ ਉਹ ਪੌਦਿਆਂ ਦਾ ਰੂਪ ਲੈਣਗੇ
ਜਿਹੜੇ ਕਦੇ ਨਸੀਬ ਨਾ ਹੋਏ ਸਿਆੜ ਨੂੰ
ਕੇਰਾਂ ਜੇ ਰਾਈ ਦਾ ਤੁਸਾਂ ਪਰਬਤ ਬਣਾ ਲਿਆ
ਮੁੜ ਕੇ ਬਣਾਉਗੇ ਕਿਵੇਂ ਰਾਈ ਪਹਾੜ ਨੂੰ
ਕੋਮਲ ਜੇ ਏਨਾਂ ਰੌਣਕਾਂ ਦਾ ਤਲਬਗਾਰ ਹੈ
ਅੰਦਰੋਂ ਕਿਤੇ ਨਾ ਭਾਲਦਾ ਹੋਵੇ ਉਜਾੜ ਨੂੰ