ਹੁਣ ਇਸ ਘਰ ਵਿਚ ਜੀ ਨਹੀਂ ਲਗਦਾ। 

ਸਾਰਾ ਦਿਨ ਤੱਕਿਆ ਅਸਮਾਨੀਂ

ਭੈ ਦੀਆਂ ਗਿਰਝਾਂ ਭੌਂਦੀਆਂ ਰਹੀਆਂ। 

ਰਵੀ ਅਸਤਿਆ

ਜਿੱਕਣ ਅਸਤ ਚੁਗਣ ਨੂੰ ਬੈਠਾ 

ਅਜ ਇਹ ਕਹੀਆਂ ਸ਼ਾਮਾਂ ਪਈਆਂ, 

ਖ਼ਬਰ ਨਹੀਂ ਹੈ ਕਿਹੜੇ ਰਾਹੀਂ

ਯਾਦ ਪਰਿੰਦਾ ਉੜਦਾ ਆਇਆ

ਉੱਲੂ ਵਰਗਾ,

ਬੈਠਾ ਆਣ ਬਨੇਰੇ ਕਰਮਾਂ ਹਾਰੇ।

ਡਾਇਣ ਜਹੀ ਰਾਤ ਕਲਮੂੰਹੀਂ 

ਆਣ ਕੇ ਬੂਹਿਉਂ ਬਾਹਰ ਖੜੀ ਏ। 

ਕਾਹਨੂੰ ਦੀਪ ਜਗਾਵਾਂ ਐਵੇਂ, 

ਨਾ ਹੁਣ ਚੰਦਨ ਚੌਂਕੀ

ਨਾ ਹੁਣ ਸੋਨੇ ਗੜਵਾ।

ਦੂਰ ਬੜੀ, ਪਰ ਪਿੰਡ ਦੀ ਜੂਹ ਵਿਚ

ਸੋਗੀ ਕੁੱਤੇ ਰੋਂਦੇ ਸੁਣਦੇ।

ਖ਼ੈਰ ਕਰੇ ਰੱਬ ਇਸ ਘਰ ਉੱਤੇ 

ਭੀੜ ਬਣੀ ਦਿਸਦੀ ਹੈ ਭਾਰੀ।

ਗੱਲ ਗੱਲ ਉੱਤੇ ਖਿਝ ਉੱਠਦੀ ਏ,

ਚਿਤ ਵਿਚ ਹਰ ਦਮ ਇਟ-ਖੜਿੱਕਾ ਰਹਿੰਦਾ। 

ਕਾਲਾ ਰੋਗ ਕਲੇਸ਼ ਦਾ ਜਿੰਦ ਨੂੰ ਲੱਗਾ।

ਢੂੰਡ ਸਮੇਂ ਨੇ ਗੱਡਿਆ ਦਿਲ ਵਿਚ ਸੇਹ ਦਾ ਤੱਕਲਾ।

ਇਹ ਘਰ ਕਿਸੇ ਜੁਗਤ ਨਹੀਂ ਸੋਂਹਦਾ,

ਕੱਲਰ ਹੋਈਆਂ ਕੰਧਾਂ ਉੱਤੇ

ਹੁਣ ਨਾ ਲੇਖਣ ਪੋਚੇ ਟਿਕਦੇ ਪੋਂਹਦੇ, 

ਖੁਰੀਆਂ ਨੀਹਾਂ ਕੜਕਣ ਕੜੀਆਂ, 

ਹੁਣ ਨਹੀਂ ਕੋਠਾ ਝੱਲਣ ਜੋਗਾ 

ਵੀਰਵਾਰ ਦੀਆਂ ਝੜੀਆਂ।

ਹੇ ਮੇਰੇ ਮਨ,

ਜੇ ਨਹੀਂ ਫੇਰ ਏਸ ਦਰਵਾਜ਼ੇ

ਅੱਟੇ ਵਿਚ ਪਰੁੱਤੇ ਅੰਬ-ਪੱਤਿਆਂ ਦੇ ਸਿਹਰੇ ਬੁੱਝਣੇ,

ਇਸ ਵਿਹੜੇ ਵਿਚ

ਫੇਰ ਕਦੀ ਜੇ ਕੋਈ ਚੌਂਕ ਪੂਰ ਨਹੀਂ ਹੋਣਾ, 

ਜੇ ਇਹ ਸਰਦਲ ਸੇਂਕ ਦੇ ਜੋਗੀ

ਇਸ ਤੇ ਤੇਲ ਕਿਸੇ ਨਹੀਂ ਚੋਣਾ, 

ਤਾਂ ਤੂੰ ਇਸ ਚੋਂ ਕੀ ਲੈਣਾ ਹੈ 

ਕੱਲ੍ਹ ਢਹਿੰਦਾ ਤਾਂ ਅਜ ਢਹਿ ਜਾਵੇ।

📝 ਸੋਧ ਲਈ ਭੇਜੋ