ਘਰਾਂ 'ਚੋਂ ਮਰ ਰਹੀ ਅਪਣੱਤ, ਸੰਨਾਟਾ ਚੀਕਦਾ ਹੈ।
ਨਹੀਂ ਕੰਧਾਂ 'ਤੇ ਟਿਕਦੀ ਛੱਤ, ਸੰਨਾਟਾ ਚੀਕਦਾ ਹੈ।
ਹਵਸ ਜੇਬੵਾਂ ਦੀ ਐਨੀ ਵਧ ਗਈ ਸਿਰ ਵਿਕ ਰਹੇ ਨੇ,
ਇਹ ਕੀ ਹੈ ਜ਼ਿੰਦਗੀ ਦਾ ਤੱਤ, ਸੰਨਾਟਾ ਚੀਕਦਾ ਹੈ।
ਸਕੂਲਾਂ ਕਾਲਜਾਂ ਵਿੱਚ ਵੀ ਸਲਾਮਤ ਤੂੰ ਨਹੀਂ ਹੁਣ,
ਕੁੜੇ ਤੂੰ ਘਰ ਹੀ ਚਰਖਾ ਕੱਤ , ਸੰਨਾਟਾ ਚੀਕਦਾ ਹੈ।
ਦਿਲਾਂ ਵਿੱਚ ਭਖ਼ ਰਿਹਾ ਹੈ ਕਹਿਰ, ਜ਼ਹਿਰਾਂ ਉਗਲਦੇ ਮੂੰਹ,
ਕਿ ਹਰ ਅੱਖ 'ਚੋ ਹੈ ਵਹਿੰਦੀ ਰੱਤ ,ਸੰਨਾਟਾ ਚੀਕਦਾ ਹੈ।
ਕਿਤੇ ਹੁਣ ਹੈ ਨਹੀਂ ਗੁਲਸ਼ਨ,ਨਾ ਤਿਤਲੀ ਹੈ, ਨਾ ਖ਼ੁਸ਼ਬੂ
ਵਿਰਾਨੀ ਦੀ ਹੈ ਥਾਂ ਥਾਂ ਅੱਤ, ਸੰਨਾਟਾ ਚੀਕਦਾ ਹੈ।
ਸ਼ਮਾਦਾਨਾਂ 'ਚ ਆ ਕੇ ਤੋੜ ਦਿੰਦੀ ਹੈ ਇਹ ਦੀਵੇ,
ਹਵਾ ਨੂੰ ਕੌਣ ਦੇਵੇ ਮੱਤ ,ਸੰਨਾਟਾ ਚੀਕਦਾ ਹੈ।
ਤੁਸੀਂ ਹੁਣ ਸੜਕ 'ਤੇ ਵਿਕਦੇ ਦਿਓਤੇ, ਘਰ ਲੈ ਆਉ,
ਧਰਮ ਧਾਮਾਂ 'ਚ ਉੱਡਦੀ ਪੱਤ ,ਸੰਨਾਟਾ ਚੀਕਦਾ ਹੈ।
ਹਮੇਸ਼ਾਂ ਸਿਦਕ ਨੂੰ ਉਹ ਡਾਕੀਆ ਤੜਪਾ ਕੇ ਲੰਘੇ
ਕਦੇ ਤਾਂ ਪਾ ਦਿਆ ਕਰ ਖ਼ਤ, ਸੰਨਾਟਾ ਚੀਕਦਾ ਹੈ।