ਘੜਦੈ ਉਹ ਰਬ ਰੋਜ਼ ਨਵਾਂ, ਬੰਦਾ ਭਾਵੇਂ ਬੰਦਾ ਹੈ ।
ਬੰਦੇ ਦੀ ਕੀ ਪੁਛਦੇ ਹੋ, ਬੰਦਾ ਗੋਰਖ ਧੰਦਾ ਹੈ ।
ਜ਼ਾਹਿਦ ਰਿੰਦ ਨੂੰ ਨਿੰਦ ਰਿਹੈ, ਹੂਰਾਂ ਉੱਤੇ ਮਰਕੇ ਵੀ
ਗੰਦਾ ਹੈ ਜੇ ਰਿੰਦ ਏਦਾਂ, ਤਾਂ ਜ਼ਾਹਿਦ ਵੀ ਗੰਦਾ ਹੈ ।
ਦੁਖੀਆਂ ਦੇ ਜ਼ਖਮਾਂ ਉੱਤੇ, ਮਲ੍ਹਮ ਲਾਈਏ ਉਲਫ਼ਤ ਦੀ
ਠੰਡ ਇਸ ਵਿਚ ਵਰਤਾ ਦੇਈਏ, ਆਤਰ ਜਗਤ ਜਲੰਦਾ ਹੈ ।
ਰੰਗੀਨੀ ਤੜਪਾਉਂਦੀ ਹੈ, ਮਾਰ ਮੁਕਾਉਂਦੀ ਹੈ ਖੁਸ਼ਬੂ
ਫੁੱਲਾਂ ਦੇ ਮੌਸਮ ਵਿਚ ਵੀ, ਹਾਲ ਆਸ਼ਕ ਦਾ ਮੰਦਾ ਹੈ ।
ਦਰਦ ਸੁਆਦੀ ਹੈ ਇਸਦਾ, ਮਿੱਠਾ ਤੇ ਖਿੱਚ ਭਰਿਆ ਵੀ
ਨਿਕਲਣ ਨੂੰ ਦਿਲ ਕਰਦਾ ਨਹੀਂ, ਪਿਆਰ ਅਜਿਹਾ ਫੰਦਾ ਹੈ ।
ਏਥੇ ਜ਼ਾਤ ਬਰਾਦਰੀਆਂ, ਬੰਦਾ ਕੋਈ ਲਭਦਾ ਨਹੀਂ
ਬਖ਼ਸ਼ੀ ਸੰਧੂ ਕਲਸੀ ਨੇ, ਨੰਦਾ ਹੈ ਖਰਬੰਦਾ ਹੈ।
ਬੰਦੇ ਅੱਗੇ ਝੁਕਦਾ ਜੋ, ਉਸਦੀ ਕੀਮਤ ਕੁਝ ਵੀ ਨਹੀਂ
ਲਅਨਤ ਹੈ ਉਸ ਬੰਦੇ ਤੇ, ਜੋ ਬੰਦੇ ਦਾ ਬੰਦਾ ਹੈ ।
ਉਸਦੀ ਕਬਰ ਤੇ ਜਾ ਕੇ ਤੂੰ ਪਾਪ ਅਪਣੇ ਬਖ਼ਸ਼ਾ ਜ਼ਾਹਿਦ
ਰਿੰਦ ਖ਼ੁਦਾ ਹੈ ਧਰਤੀ ਦਾ, ਫੱਕਰ ਹੈ ਬਖਸੰਦਾ ਹੈ।
ਸਿਰ ਦੇਣਾ ਪੈਂਦੈ ਇਸ ਵਿਚ, ਜਾਣਕੇ ਮਕ਼ਤਲ ਨੂੰ ਠੇਕਾ
ਇਸ ਤੋਂ ਲਾਭ ਦੀ ਆਸ ਨਾ ਰਖ, ਇਹ ਉਲਫ਼ਤ ਦਾ ਧੰਦਾ ਹੈ ।
ਮਰਜ਼ੀ ਨਾਲ ਨਹੀਂ ਜਾਂਦਾ, ਮਰਜ਼ੀ ਨਾਲ ਨਹੀਂ ਮਰਦਾ
ਦੁਨੀਆਂਦਾਰ ਦੇ ਹਥ ਦੇ ਵਿਚ ਕੁੰਜੀ ਹੈ ਨਾ ਜੰਦਾ ਹੈ ।
ਫ਼ਰਕ ਨਹੀਂ ਹੈ 'ਹਮਦਰਦਾ', ਰਿੰਦ ਅਤੇ ਜ਼ਾਹਿਦ ਦੇ ਵਿਚ
ਇਹ ਹੈ ਹੂਰ ਬਹਿਸ਼ਤੀ ਦਾ, ਉਹ ਸਾਕ਼ੀ ਦਾ ਬੰਦਾ ਹੈ ।