ਇੱਕ ਲੜੀ ਚਿਰਾਗ਼ਾਂ ਦੀ ਮੈਂ ਜਦੋਂ ਜਗਾ ਦਿੱਤੀ
ਮੇਰੀ ਜੋਤ ਬੁਝਾ ਕੇ ਤੇ ਮੈਨੂੰ ਹੈ ਸਜ਼ਾ ਦਿੱਤੀ
ਜੋਗੀ ਤੇ ਗੁਰੂ ਰਾਂਝਾ ਹੈ ਕਿੰਨਾ ਕੁਝ ਸਾਂਝਾ
ਕਿਸੇ ਅਲਖ਼ ਜਗਾ ਦਿੱਤੀ ਕਿਸੇ ਖਲਕ ਜਗਾ ਦਿੱਤੀ
ਥੱਲੇ ਹੈ ਸਰ੍ਹੋਂ ਖਿੜਦੀ ਸਿਰ ਥਾਲ਼ ਸਿਤਾਰਿਆਂ ਦਾ
ਕਾਦਰ ਨੇ ਕੁਦਰਤ ਵੀ ਕੈਸੀ ਹੈ ਸਜਾਅ ਦਿੱਤੀ
ਅੱਕ ਕਾਹੀਆਂ ਥੋਹਰਾਂ ਤੇ ਪਿੰਡਾਂ ਦੀਆਂ ਗੋਹਰਾਂ ਤੇ
ਸ਼ਹਿਰਾਂ ਦੀਆਂ ਮੋਹਰਾਂ ਨੇ ਹੈ ਮੋਹਰ ਲਗਾ ਦਿੱਤੀ
ਬੋਹਲ਼ਾਂ ਤੇ ਜਿਣਸ ਪਈ ਮੰਡੀ ਵਿੱਚ ਮਾਲ ਬਣੇ
ਮੰਡੀ ਨੇ ਸ਼ਬਦਾਂ ਦੀ ਬੇਅਦਬੀ ਕਰਾ ਦਿੱਤੀ