ਬੰਦਿਆ ਹੁਲੜ ਛਾ ਗਿਆ।

ਨੇਕੀ ਦਾ ਮੂੰਹ ਕੁਮਲਾ ਗਿਆ।

ਇਮਾਨ ਖੁਰੀਆਂ ਚਾ ਗਿਆ।

ਅੱਜ ਧਰਮ ਵੀ ਘਬਰਾ ਗਿਆ।

ਤੇ ਸ਼ਰਮ ਹੈ ਪਰ ਲਾ ਗਿਆ।

ਹੁਣ ਘੋਰ ਕਲਯੁਗ ਗਿਆ॥

ਹਿੰਦੂ ਦੀ ਬੋਦੀ ਕਟ ਗਈ।

ਮੁਸਲਿਮ ਚੋਂ ਗੈਰਤ ਹਟ ਗਈ।

ਸਿੱਖਾਂ ‘ਚ ਸਿੱਖੀ ਘਟ ਗਈ।

ਲਜਿਆ ਦੀ ਚਾਦਰ ਫਟ ਗਈ।

ਹੈ ਪਾਪ ਸਾਰੇ ਛਾਅ ਗਿਆ।

ਹੁਣ ਘੋਰ ਕਲਯੁਗ ਗਿਆ॥

ਸ਼ਿਕਾਰੀ ਨੇ ਬੁਣਿਆ ਜਾਲ ਹੈ।

ਤਿਆਗੀ ਦੀ ਪੁੱਠੀ ਚਾਲ ਹੈ।

ਸਾਧੂ ਵੀ ਮੱਕਰ ਮਾਲ ਹੈ।

ਗ੍ਰਹਿਸਥੀ ਦਾ ਮੰਦਾ ਹਾਲ ਹੈ।

ਹਰ ਇੱਕ ਦਾ ਦਿਲ ਭਰਮਾ ਗਿਆ।

ਹੁਣ ਘੋਰ ਕਲਯੁਗ ਗਿਆ॥

ਉਲਟਾ ਜ਼ਮਾਨਾ ਹੋ ਗਿਆ।

ਆਪਣਾ ਬੇਗਾਨਾ ਹੋ ਗਿਆ।

ਦਾਨਾ ਦੀਵਾਨਾ ਹੋ ਗਿਆ।

ਆਦਮ ਜ਼ਨਾਨਾ ਹੋ ਗਿਆ।

ਤੀਵੀਂ ਨੂੰ ਫੈਸ਼ਨ ਖਾ ਗਿਆ।

ਹੁਣ ਘੋਰ ਕਲਯੁਗ ਗਿਆ॥

ਗਿਆਨੀ ਦਾ ਉਲਟਾ ਗਿਆਨ ਹੈ।

ਧਿਆਨੀ ਦਾ ਕਿਧਰੇ ਧਿਆਨ ਹੈ।

ਅਮੀਰਾਂ ਦੀ ਪੈਸਾ ਜਾਨ ਹੈ।

ਗਰੀਬਾਂ ਨੂੰ ਇਹ ਅਰਮਾਨ ਹੈ।

ਕੋਈ ਤੀਰ ਸੀਨੇ ਲਾ ਗਿਆ।

ਹੁਣ ਘੋਰ ਕਲਯੁਗ ਗਿਆ॥

ਭਾਈਆਂ ‘ਚੋਂ ਉਡਿਆ ਪਿਆਰ ਹੈ।

ਮਿੱਤਰ ਵੀ ਮਿੱਤਰ ਮਾਰ ਹੈ।

ਨਾ ਦਰਦੀ ਨਾ ਕੋਈ ਨਾ ਯਾਰ ਹੈ।

ਮਤਲਬ ਦੀ ਦੁਨੀਆਦਾਰ ਹੈ।

ਹਰ ਇੱਕ ਨੂੰ ਲਾਲਚ ਖਾ ਗਿਆ।

ਹੁਣ ਘੋਰ ਕਲਯੁਗ ਗਿਆ॥

ਵੱਡੇ ਨੂੰ ਨਿੱਕਾ ਛਲ ਰਿਹਾ।

ਨਿੱਕੇ ਨੂੰ ਵੱਡਾ ਦਲ ਰਿਹਾ।

ਲਾਹ ਇੱਕ ਦੂਜੇ ਦੀ ਖਲ ਰਿਹਾ।

ਹਰ ਕੋਈ ਚਾਲਾਂ ਚਲ ਰਿਹਾ।

ਦਾਅ ਜਿਸ ਦਾ ਲੱਗਾ ਲਾ ਗਿਆ।

ਹੁਣ ਘੋਰ ਕਲਯੁਗ ਗਿਆ॥

ਸ਼ੰਕਰ ਵਰਨ ਔਲਾਦ ਹੈ।

ਮਾਂ ਪਿਓ ਦਾ ਪੁੱਤ ਉਸਤਾਦ ਹੈ।

ਜੀਵਨ ਦਾ ਨਾ ਕੋਈ ਸਵਾਦ ਹੈ।

ਬਸ ਜ਼ਿੰਦਗੀ ਬਰਬਾਦ ਹੈ।

ਤਕ ਤਕ ਕੇ ਦਿਲ ਘਬਰਾ ਗਿਆ।

ਹੁਣ ਘੋਰ ਕਲਯੁਗ ਗਿਆ॥

ਚੰਗੇ ਦੀ ਇੱਜ਼ਤ ਵੀ ਨਹੀਂ।

ਮੰਦੇ ਦੀ ਜ਼ਿੱਲਤ ਵੀ ਨਹੀਂ।

ਰੋਜ਼ੀ ਦੀ ਬਰਕਤ ਵੀ ਨਹੀਂ।

ਕਿਧਰੇ ਮੁਹੱਬਤ ਵੀ ਨਹੀਂ।

ਹੈ ਵਕਤ ਐਸਾ ਗਿਆ।

ਹੁਣ ਘੋਰ ਕਲਯੁਗ ਗਿਆ॥

ਧਰਮੀ ਦੀ ਕਿਧਰੇ ਜੈ ਨਹੀਂ।

ਪਾਪੀ ਦੀ ਹੁੰਦੀ ਖਹਿ ਨਹੀਂ।

ਲੱਜਿਆ ਕਿਸੇ ਵਿੱਚ ਹੈ ਨਹੀਂ।

ਕੋਈ ਸ਼ਾਤੀ ਨਾਂ ਦੀ ਸ਼ੈਅ ਨਹੀਂ।

ਸੱਜਣ ਵੀ ਦਿਲ ਤੜਪਾ ਗਿਆ।

ਹੁਣ ਘੋਰ ਕਲਯੁਗ ਗਿਆ॥

ਨਾ ਝੂਠ ਦਾ ਕੋਈ ਪਾਪ ਹੈ।

ਨਾ ਸੱਚ ਦਾ ਪਰਤਾਪ ਹੈ।

ਪੈਸੇ ਦਾ ਸਾਰਾ ਜਾਪ ਹੈ।

ਪੈਸਾ ਹੀ ਮਾਈ ਬਾਪ ਹੈ।

“ਤੂਫਾਨ” ਸਾਰੇ ਛਾਅ ਗਿਆ।

ਹੁਣ ਘੋਰ ਕਲਯੁਗ ਗਿਆ॥

📝 ਸੋਧ ਲਈ ਭੇਜੋ