ਘੁੰਮਦੀ ਧਰਤੀ ਗਾਉਂਦੀ ਧਰਤੀ

ਘੁੰਮਦੀ ਧਰਤੀ ਗਾਉਂਦੀ ਧਰਤੀ

ਘੁੰਮ ਘੁੰਮ ਕਰਮ ਕਮਾਉਂਦੀ ਧਰਤੀ

ਖ਼ੁਸ਼ੀਆਂ ਵੰਡਦੀ ਹਾਸੇ ਵੰਡਦੀ

ਸਭ ਦੀ ਖ਼ੈਰ ਮਨਾਉਂਦੀ ਧਰਤੀ

ਧੁੱਪਾਂ ਔੜਾਂ ਪੀੜਾਂ ਜਰਕੇ

ਵਿਹੜੇ ਖੇੜੇ ਲਿਆਉਂਦੀ ਧਰਤੀ

ਲੋਕੀਂ ਉਸਨੂੰ ਔਰਤ ਕਹਿੰਦੇ

ਪਰ ਉਹ ਮੈਨੂੰ ਲਗਦੀ ਧਰਤੀ

ਦਿਨੇ ਤੇ ਰਾਤੀਂ ਹਰ ਪਲ ਹਰ ਛਿਣ

ਕਰਮ 'ਚ ਰਹਿੰਦੀ ਕਦੇ ਨਾ ਬਹਿੰਦੀ

ਸੁਬ੍ਹਾ ਸਵੇਰੇ ਸਰਘੀ ਵੇਲ਼ੇ

ਲੋਏ ਲੋਏ ਚੱਕੀ ਝੋਏ

ਆਟਾ ਪੀਹ ਕੇ ਰਿੜਕਣ ਬਹਿ ਜੇ

ਕਦੇ ਲਵੇਰੀ ਬਾਖੜ ਚੋਏ

ਸੂਰਜ ਚੜ੍ਹੇ ਤੋਂ ਚਰਖਾ ਡਾਹ ਲਏ

ਕੱਤ ਕੱਤ ਢੇਰ ਗਲੋਟੇ ਲਾ ਦਏ

ਅੱਲੜ ਬੱਲੜ ਕਹਿ ਕੇ ਵਿੱਚ ਦੀ

ਨੰਨ੍ਹੇ-ਮੁਨ੍ਹੇ ਬਾਲ ਜਗਾ ਲਏ

ਚਿੜੀਆਂ ਵਾਂਗੂੰ ਚੋਗ ਚੁਗਾ ਕੇ

ਫਿਰ ਤੋਂ ਆਪਣਾ ਆਸਣ ਲਾ ਲਏ

ਨਸਲਾਂ ਜਣਦੀ ਨਸਲਾਂ ਪਾਲ਼ੇ 

ਧਰਤੀ ਘੁੰਮ ਘੁੰਮ ਫ਼ਸਲਾਂ ਪਾਲ਼ੇ 

ਰਾਤੀਂ ਵੇਖੋ ਤਾਂ ਵੀ ਜਾਗੇ

ਤੜਕੇ ਦਿਨੇ ਦੁਪਹਿਰੇ ਜਾਗੇ

ਪਤਾ ਨਹੀਂ ਕਦ ਸੌਂਦੀ ਧਰਤੀ

ਸਦਾ ਹੀ ਘੁੰਮਦੀ ਰਹਿੰਦੀ ਧਰਤੀ

ਲੋਕੀਂ ਉਸਨੂੰ ਤ੍ਰੀਮਤ ਕਹਿੰਦੇ

ਪਰ ਉਹ ਮੈਨੂੰ ਜਾਪੇ ਧਰਤੀ

ਘੁੰਮਦੀ ਧਰਤੀ ਗਾਉਂਦੀ ਧਰਤੀ

ਘੁੰਮ ਘੁੰਮ ਕਰਮ ਕਮਾਉਂਦੀ ਧਰਤੀ

ਖ਼ੁਸ਼ੀਆਂ ਵੰਡਦੀ ਖੇੜੇ ਵੰਡਦੀ

ਸਭ ਦੀ ਖ਼ੈਰ ਮਨਾਉਂਦੀ ਧਰਤੀ

ਧੁੱਪਾਂ ਔੜਾਂ ਪੀੜਾਂ ਜਰਕੇ

ਖੇੜੇ ਵਿਹੜੇ ਲਿਆਉਂਦੀ ਧਰਤੀ

ਲੋਕੀਂ ਉਸਨੂੰ ਔਰਤ ਕਹਿੰਦੇ

ਪਰ ਮੈਨੂੰ ਉਹ ਲਗਦੀ ਧਰਤੀ

📝 ਸੋਧ ਲਈ ਭੇਜੋ