ਘੁੰਢ ਚੋਂ ਹੀਰ ਕੁਆਰੀ

ਉਹਦੇ ਨੈਣ ਲੜ ਗਏ ਘੁੰਡ ਵਿੱਚੋਂ ।

ਨੰਗੇ ਮੂੰਹ ਵਾਲੀਆਂ, ਰਹਿ ਗਈਆਂ ।

ਤੂੰ ਪਿਆਰ ਪਿਆਲਾ ਪੀ ਵੀ ਲਿਆ ।

ਨੈਣੀਂ ਕੱਜਲੇ ਵਾਲੀਆਂ ਕਹਿ ਗਈਆਂ ।

ਪਿਆਰ ਦੀ ਮਾਰ ਕਟਾਰੀ ।

ਸੱਜਣਾ ਵੇਖ ਲਈ, ਘੁੰਢ 'ਚੋਂ ਹੀਰ ਕੁਆਰੀ ।

ਉਹਨੇ ਪਰਦਾ ਕਰਕੇ ਰੱਖਿਆ ਸੀ ।

ਸਾਰਾ ਨੱਕ ਮੂੰਹ ਆਪਣਾ ਢੱਕਿਆ ਸੀ ।

ਤੱਕਣ ਵਾਲੇ ਦੀ ਐਸੀ ਤੱਕਣੀ ਸੀ ।

ਪਰਦੇ ਵਿੱਚ ਗਿਆ ਨਾ ਡੱਕਿਆ ਸੀ ।

ਉਹਦੀ ਤੋਰ ਸੀ ਬੜੀ ਨਿਆਰੀ ।

ਸੱਜਣਾ ਵੇਖ ਲਈ, ਘੁੰਡ 'ਚੋਂ ਹੀਰ ਕੁਆਰੀ ।

ਉਹਦੀਆਂ ਚੂੜੀਆਂ ਛਣਕੀਆਂ, ਛਣ-ਛਣ ।

ਤੇ ਪਿਆਰ ਗਿਆ ਨਾ ਡੱਕਿਆ ਸੀ ।

ਪੈਰਾਂ ਦੀਆਂ ਝਾਂਜਰਾਂ ਭਰੀ ਗਵਾਹੀ ।

ਯਾਰ ਆਪ ਮੁਹਾਰਾ ਨੱਸਿ੍ਹਆ ਸੀ ।

ਸਿਰ ਤੋਂ ਨਾ ਲਾਹੀ ਫੁਲਕਾਰੀ ।

ਸੱਜਣਾ ਵੇਖ ਲਈ, ਘੁੰਢ 'ਚੋਂ ਹੀਰ ਕੁਆਰੀ ।

ਫਿਰ ਸਿਰ ਝੁਕਾ ਉਸ ਇਸ਼ਕੇ ਨੂੰ   ।

ਦਿੱਤੀ ਇਜ਼ਹਾਰ ਨਿਸ਼ਾਨੀ ਸੀ ।

ਫਿਰ ਉਸਦੀ ਘੁੰਡ ਵਿੱਚੋਂ ਹੀ  ।

ਝਲਕਾਂ ਮਾਰੀ ਜਵਾਨੀ ਸੀ ।

ਜਿਵੇਂ ਫੁੱਲਾਂ ਮਹਿਕ ਖਿਲਾਰੀ ।

ਸੱਜਣਾ ਵੇਖ ਲਈ ਘੁੰਢ 'ਚੋਂ ਹੀਰ ਕੁਆਰੀ ।

ਉਹਦੇ ਕੰਨ 'ਚ ਯਾਰ ਨੇ ਦੱਸਿਆ ।

ਤੂੰ ਘੁੰਡ 'ਚੋਂ ਗਿਆ ਹੈਂ ਤੱਕਿਆ ।

ਆ ਜਾ ਸੱਜਣਾ ਹੁਣ ਗਲ ਨਾਲ ਲੱਗ ਜਾ ।

ਵੇ ਹੁਣ ਪਰਦਾ ਕਾਹਤੋਂ ਰੱਖਿਆ ।

ਲਿਖਤੇ ਗੀਤ ਲਿਖਾਰੀ ।

ਸੱਜਣਾ ਵੇਖ ਲਈ, ਘੁੰਢ ਚੋਂ ਹੀਰ ਕੁਆਰੀ ।

ਇੱਕ ਘੁੰਡ ਮੈਂ ਐਸਾ ਕੱਢਣਾ ।

ਅੰਦਰੋਂ ਆਪਣੇ ਯਾਰ ਨੂੰ  ਲੱਭਣਾ ।

ਤੜਕੇ ਉੱਠ ਕੇ ਰੱਬ ਰੱਬ ਕਰਨਾ, ਤੇ ਜਾਣਾ ਬਲਿਹਾਰੀ ।

ਤੇ ਨਜ਼ਰੀ ਪੈ ਜਾਣੀ, ਸਤਿਗੁਰਾਂ 'ਸਰਬ' ਪਿਆਰੀ ।

ਸੱਜਣਾ ਵੇਖ ਲਈ, ਘੁੰਢ ਚੋਂ ਹੀਰ ਕੁਆਰੀ ।

📝 ਸੋਧ ਲਈ ਭੇਜੋ