ਪਲੜਾ ਚੁਕ ਕੇ ਘੁੰਘਟ ਦਾ ਮੁਖੜਾ ਯਾਰ ਦਿਖਾ ਕੇ ਜਾ
ਦਰ ਤੇ ਖੜੇ ਫਕੀਰ ਦੀ ਆਸ ਨਾ ਦਿਲਦੀ ਢਾ ਕੇ ਜਾ
ਹਸਰਤ ਮੇਰੀ ਨਿਤਾਰ ਦੇ, ਜ਼ੁਲਫ਼ਾਂ ਦੇ ਪੇਚ ਸਿੰਗਾਰ ਦੇ,
ਪ੍ਰੇਮ ਦੀ ਠੋਕਰ ਯਾਰ ਦੇ, ਕਬਰ ਦੀ ਖ਼ਾਕ ਉਡਾਕੇ ਜਾ
ਸਦਕਾ ਅਪਣੀ ਤੇਗ਼ ਦਾ, ਮੰਨ ਸ਼ਹੀਦਾਂ ਦਾ ਵਾਸਤਾ
ਤੜਫਦਾ ਛਡ ਨਾ ਕਾਤਲਾ, ਝਗੜਾ ਮੇਰਾ ਮੁਕਾ ਕੇ ਜਾ
ਆਯਾ ਪਤੰਗ ਹਾਂ ਦੂਰ ਤੇ, ਆਸ਼ਕ ਸ਼ਮਾ ਦੇ ਨੂਰ ਤੇ,
ਬੁਝ ਗਈ ਕਿਸ ਕਸੂਰ ਤੇ ਮੈਨੂੰ ਠਿਕਾਣੇ ਲਗਾ ਕੇ ਜਾ
ਪਰਦਾ ਚੁਕ ਦੀਦਾਰ ਦੇ, ਤਾਲਬ ਦੀਦ ਹੈਂ ਖੜੇ,
ਮੂਸਾ ਨਹੀਂ ਜੋ ਚੁਪ ਰਹੇ ਸੌ ਸੌ ਵਾਰ ਅਜ਼ਮਾ ਕੇ ਜਾ
ਹਸ਼ਮਤਸ਼ਾਹ ਹੈ ਬੇਕਰਾਰ, ਬਾਗ਼ ਦੇ ਵਿਚ ਲੰਘ ਓ ਯਾਰ,
ਨਰਗਸ ਖੜਾ ਉਮੀਦਵਾਰ ਫੁਲਾਂ ਨੂੰ ਮਸਤ ਬਣਾਕੇ ਜਾ