ਗਿਲੇ ਸ਼ਿਕਵੇ

ਗਿਲੇ ਸ਼ਿਕਵੇ ਸਭ ਮੁਆਫ ਹੋਣਗੇ, ਪਰ ਇੱਕ ਦਿਨ ਤਾਂ ਇਨਸਾਫ਼ ਹੋਣਗੇ।

ਚਿੱਟੀ ਚਾਦਰ ਦਾਗ ਬੜੇ ਨੇ, ਦੱਸ ਸੱਜਣਾ ਕਿੰਝ ਸਾਫ ਹੋਣਗੇ।

ਬੁੱਤ ਨਾ ਬਣਿਓਂ , ਜੋ ਬੁੱਤ ਹੈ ਦੱਸਦਾ ਦੁਨੀਆਂ ਨੂੰ,

ਹਰ ਇੱਕ ਤੋਂ ਨਾ ਐਸੇ ਬੁੱਤ ਤਰਾਸ਼ ਹੋਣਗੇ।

ਸੁਕਰਾਤ ਪਿਆਲਾ ਪੀ ਕੇ, ਸੀ ਦੱਸ ਗਿਆ ਦੁਨੀਆਂ ਨੂੰ,

ਆਗਿਆਨੀਆਂ ਹੱਥੋਂ ਨਾ ਕਦੇ ਇਨਸਾਫ਼ ਹੋਣਗੇ।

ਗੱਲਾਂ ਨਾਲ ਕਦੇ ਵੀ ਇਨਕਲਾਬ ਨਹੀਂ ਆਉਂਦੇ,

ਉਹੀ ਜਾਨ ਨਿਛਾਵਰ ਕਰਦੇ ਜੋ ਖੁਦ ਇਨਕਲਾਬ ਹੋਣਗੇ।

ਸਵਾਂਤ ਬੂੰਦ ਲਈ ਤੜਫਦਾ ਇੱਕ ਪਪੀਹਾ ਤੱਕਿਆ ਮੈਂ,

ਉਂਝ ਦੁਨੀਆ 'ਤੇ ਵੱਗਦੇ ਪਾਣੀ ਘਾਟ-ਘਾਟ ਹੋਣਗੇ।

ਅਸਲੀਅਤ ਭੁੱਲ ਬੈਠੀਆਂ ਜੋ, ਕਰਦੀਆਂ ਰੀਸ ਨੇ ਕੌਮਾਂ,

ਇਤਿਹਾਸ ਕੀ ਹੈ ਤੁਹਾਡਾ ? ਖੜ੍ਹੇ ਸਵਾਲ ਹੋਣਗੇ।

ਦੀਵਾਰ ਸਰਹਿੰਦ ਦੀ ਹੈ ਰੋਂਦੀ, ਤੱਕ ਦੋ ਨਿੱਕੀਆਂ ਜਿੰਦਾਂ ਨੂੰ,

ਕੀ ਰੁਤਬਾ ਹੋਊ ਉਹਦਾ, ਜੀਹਦੇ ਇਹ ਲਾਲ ਹੋਣਗੇ।

ਤਾਜ ਕੋਈ ਸੁੱਖ ਦਾ ਸਾਧਨ ਨਹੀਂ, ਪੁੱਛ ਕੇ ਵੇਖ ਤਾਜਰਾਂ ਤੋਂ,

ਬੰਦਗੀ ਦੇ ਤਾਜ ਨੇ ਵੱਡੇ , ਜੋ ਹਰ ਪਲ ਨਾਲ ਹੋਣਗੇ।

ਰੱਬ ਵੇਖਣ ਦੀ ਲੋੜ ਵੀ ਕੀ ਐ, 'ਸੱਤੇ ਸ਼ਿਵਗੜ੍ਹ ਵਾਲਿਆ' ਉਏ,

ਰੱਬ ਆਪੇ ਨਜਰੀਂ ਆਊ, ਜਦ ਮਨ ਸਾਫ਼ ਹੋਣਗੇ।

📝 ਸੋਧ ਲਈ ਭੇਜੋ