ਸੱਜਣ ਸਾਨੂੰ

ਤੈਂਡੀਆਂ ਗਲੋੜੀਆਂ ਦਾ ਚਾ

ਤੈਂਡੀਆਂ ਗਲੋੜੀਆਂ

ਗੁੜੇ ਦੀਆਂ ਰੋੜੀਆਂ

ਜਿਉਂ ਚੇਤਰ ਦੀ 'ਵਾ

ਸੱਜਣ ਸਾਨੂੰ

ਤੈਂਡੀਆਂ ਗਲੋੜੀਆਂ ਦਾ ਚਾ

ਤੈਂਡੀਆਂ ਗਲੋੜੀਆਂ

ਜਿਉਂ ਲੰਮੀਆਂ ਗਲੀਆਂ

ਸੌ ਸੌ ਵਿਚ

ਪਗਡੰਡੀਆਂ ਰਲੀਆਂ

ਤੇ ਸਾਡੀ ਵੇਦਨ ਭੁੱਲ ਭੁੱਲ ਜਾ

ਸੱਜਣ ਸਾਨੂੰ

ਤੈਂਡੀਆਂ ਗਲੋੜੀਆਂ ਦਾ ਚਾ

ਤੈਂਡੀਆਂ ਗਲੋੜੀਆਂ

ਵੇ ਸੌਂਫੀ ਸੌਂਫੀ

ਵਿਚ ਵਿਚ ਕੋਸੀ

ਧੁੱਪ ਤਰੌਂਕੀ

ਸੱਜਣ ਸਾਨੂੰ

ਤੈਂਡੀਆਂ ਗਲੋੜੀਆਂ ਦਾ ਚਾ

ਤੈਂਡੀਆਂ ਗਲੋੜੀਆਂ

ਜਿਉਂ ਕਿਣ-ਮਿਣ ਕਣੀਆਂ

ਜਿਉਂ ਫੱਗਣ ਘਰ

ਮਹਿਕਾਂ ਜਣੀਆਂ

ਜਿਵੇਂ ਮਦਰਾ ਦਾ ਦਰਿਆ

ਸੱਜਣ ਸਾਨੂੰ

ਤੈਂਡੀਆਂ ਗਲੋੜੀਆਂ ਦਾ ਚਾ

ਤੈਂਡੀਆਂ ਗਲੋੜੀਆਂ

ਦੇ ਬਿਨ ਸਾਡਾ ਜੀਣਾ

ਛੱਡ ਗੁਲਜ਼ਾਰ

ਥਲਾਂ ਵਿਚ ਥੀਣਾ

ਘਰ ਸੱਦਣੀ ਆਪ ਕਜ਼ਾ

ਸੱਜਣ ਸਾਨੂੰ

ਤੈਂਡੀਆਂ ਗਲੋੜੀਆਂ ਦਾ ਚਾ

ਤੈਂਡੀਆਂ ਗਲੋੜੀਆਂ

ਦਾ ਕੀ ਤੈਨੂੰ ਦਈਏ

ਆਪਣੇ ਮੁੱਖ ਤੋਂ

ਕੀਹ ਅਸੀਂ ਕਹੀਏ ?

ਤੂੰਹੀਉਂ ਦੱਸ ਦੇ ਲੋਭੀਆ ਭਾ

ਸੱਜਣ ਸਾਨੂੰ

ਤੈਂਡੀਆਂ ਗਲੋੜੀਆਂ ਦਾ ਚਾ

ਤੈਂਡੀਆਂ ਗਲੋੜੀਆਂ

ਗੁੜੇ ਦੀਆਂ ਰੋੜੀਆਂ

ਜਿਉਂ ਚੇਤਰ ਦੀ 'ਵਾ

ਸੱਜਣ ਸਾਨੂੰ

ਤੈਂਡੀਆਂ ਗਲੋੜੀਆਂ ਦਾ ਚਾ

📝 ਸੋਧ ਲਈ ਭੇਜੋ