ਗੂਹੜੇ ਬੱਦਲ ਜਦ ਤੋਂ ਮੀਂਹ ਵਰਸਾ ਗਏ ਨੇ ।
ਭੁੱਖੇ ਦਰਿਆ ਸਾਰੀਆਂ ਫ਼ਸਲਾਂ ਖਾ ਗਏ ਨੇ ।
ਜਿਹੜਾ ਲੋਅ ਵਰਤਾਂਦਾ ਸੀ ਇਸ ਨਗਰੀ ਨੂੰ,
'ਵਾ ਦੇ ਬੁੱਲੇ ਉਹੋ ਦੀਪ ਬੁਝਾ ਗਏ ਨੇ ।
ਖ਼ਬਰੇ ਕੀਵੇਂ ਦਾ ਇਹ ਸੂਰਜ ਚੜ੍ਹਿਆ ਏ,
ਇਨਸਾਨਾਂ ਦੇ ਜੁੱਸੇ ਈ ਪਥਰਾ ਗਏ ਨੇ ।
ਰਾਖੀ ਕਰਨੀ ਸੀ ਜਿਨਹਾਂ ਨੇ ਫੁੱਲਾਂ ਦੀ,
ਗੁਲਸ਼ਨ ਦੇ ਵਿਚ ਉਹੋ ਅੱਗਾਂ ਲਾ ਗਏ ਨੇ ।
ਤਾਰੇ ਗਿਣ-ਗਿਣ ਹੁਣ ਮੈਂ ਰਾਤ ਲੰਘਾਂਦਾ ਹਾਂ,
ਬੇਦਰਦਾਂ ਦੇ ਚੇਤੇ ਨੀਂਦ ਉਡਾ ਗਏ ਨੇ ।
ਆਪਣੇ ਯਾਰਾਂ ਨੂੰ ਕਿਉਂ ਭੈੜਾ ਆਖਾਂ ਮੈਂ,
ਕੀ ਹੋਇਆ ਜੇ ਮੈਥੋਂ ਨੈਣ ਚੁਰਾ ਗਏ ਨੇ ।
'ਅਨਵਰ' ਅੱਜ ਫਿਰ ਭੇਸ ਵਟਾ ਕੇ ਹੰਝੂਆਂ ਦਾ,
ਪਲਕਾਂ ਉੱਤੇ ਦਿਲ ਦੇ ਦੁਖੜੇ ਆ ਗਏ ਨੇ ।