ਦੋ ਚਿਹਰੇ ਇੱਕੋ ਜਿਹੇ ਨੈਣ ਨਕਸ਼ ਸਨ,

ਪਰ ਵੱਖੋ-ਵੱਖਰੀ ਹਸਤੀ ਦੇ ਸਖਸ ਸਨ,

ਇਹ ਦੋਵੇਂ ਚਿਹਰੇ ਦੋ ਮੁਟਿਆਰਾਂ ਸਨ,

ਜਵਾਨੀ ਨਾਲ ਭਰੀਆਂ ਮੌਜ ਬਹਾਰਾਂ ਸਨ।

ਇੱਕ ਜਿਸਮ ਗੋਰਾ ਸੀ, ਸਫੈਦ ਦੁੱਧ ਵਰਗਾ,

ਮਾਣ ਸੀ ਚਿਹਰੇ ਤੇ ਜਿੱਤੇ ਹੋਏ ਯੁੱਧ ਵਰਗਾ,

ਪਰ ਦੂਜਾ ਜਿਸਮ ਬਿਲਕੁਲ ਹੀ ਕਾਲਾ ਸੀ,

ਵੇਖਣ ਤੋਂ ਲੱਗਿਆ ਕਿ ਸਰਮੀਲਾ ਵਾਲਾ ਸੀ।

ਕਾਲੇ ਚਿਹਰੇ ਨੇ ਬਿਲਕੁਲ ਨੀਵੀਂ ਪਾ ਰੱਖੀ ਸੀ,

ਜਿਵੇਂ ਗੁਨ੍ਹਾਗਾਰ ਹੋਵੇ ਨਜ਼ਰ ਇੰਝ ਛੁਪਾ ਰੱਖੀ ਸੀ,

ਪਰ ਗੋਰੇ ਚਿਹਰੇ ਤੇ ਤਾਂ ਅੰਤਾਂ ਦਾ ਗੁਮਾਨ ਸੀ,

ਜਿਵੇਂ ਗੋਰਾਪਨ ਉਹਦੇ ਲਈ ਕੋਈ ਸਨਮਾਨ ਸੀ।

ਕਾਲੇ ਲਈ ਤਾਂ ਜਿਵੇਂ ਕਾਲਾ ਰੰਗ ਹੀ ਗੁਨਾਹ ਸੀ,

ਤੇ ਕਾਲਾਪਣ ਉਹਦੇ ਲਈ ਉਮਰ ਭਰ ਦੀ ਸਜ਼ਾ ਸੀ,

ਗੋਰੇ ਚਿਹਰੇ ਨੂੰ ਹਰ ਕੋਈ ਰੀਝਾਂ ਨਾਲ ਵੇਖਦਾ ਸੀ,

ਉਹਦਾ ਜੋਬਨ ਤੱਕ ਕੇ ਹਰ ਕੋਈ ਅੱਖਾਂ ਸੇਕਦਾ ਸੀ।

ਭਾਰਤ ਰੰਗ ਵੀ ਕਾਫੀ ਖਾਸੀਅਤ ਰੱਖਦਾ ਏ,

ਰੰਗ ਸਦਕਾ ਹੀ ਕੋਈ ਕੱਖ ਦਾ, ਕੋਈ ਲੱਖ ਦਾ ਏ,

ਸਿੱਧੂ' ਰੰਗ ਦਾ ਮੁੱਲ ਏ, ਗੁਣਾਂ ਦੀ ਕਦਰ ਕੌਣ ਪਾਵੇ?

ਦਿਲ ਦਾ ਰੰਗ ਗਹਿਰਾ ਹੁੰਦਾ, ਉੱਥੇ ਨਜ਼ਰ ਕੌਣ ਪਾਵੇ?

📝 ਸੋਧ ਲਈ ਭੇਜੋ