ਗੋਰਖ ਨਾਥ ਜੋਗੀ ਦਾ ਆਵੇਸ਼

(1)

ਸਿਆਲਕੋਟ ਦੀ ਜੂਹ ਦੇ ਅੰਦਰ

ਜੋਗੀਆਂ ਦਾ ਝੁੰਡ ਇਕ ਉਤਰਿਆ। 

ਖ਼ੂਨੀ ਖੂਹ ਦੇ ਕੋਲੇ

ਗੋਰਖ ਨਾਥ ਪੰਜਾਬ ਦੇ ਜੋਗੀ ਨੇ

ਹੇਕ ਲਾਈ ਡੁੱਬਦੇ ਸੂਰਜ ਨੂੰ ਦੇਖ ਕੇ :

“ਮੈਂ ਪਹੁੰਚਿਆ ਸਮੇਂ ਦੀ ਆਖ਼ਰੀ 'ਵਾਜ ਲੈ 

ਮੰਜ਼ਲਾਂ ਮੇਰੇ ਖੰਭ ਹੋਈਆਂ,

ਮੈਂ ਉੱਡਿਆ, ਕੋਈ ਅਸਮਾਨ ਰਿਹਾ ਵੋ !... 

ਗਾੜ੍ਹੀ ਅਗੋਚਰ ਸੁੰਨ ਦੇ ਹੇਠਾਂ ਮੈਂ

ਚੀਕ ਕੇ ਨਸਦੀ ਦੇਖੀ

ਬੇਸ਼ੁਮਾਰ ਸੂਰਜਾਂ ਦੀ ਰੱਤ ਹੈ।

“ਹੌਲਨਾਕ ਕੜਕ ਦੇ ਹੇਠਾਂ

ਨਬੀ ਤੇ ਨਾਥ ਸੁੱਤੇ;

ਸਮੇਂ ਦੀਆਂ ਉੱਚੀਆਂ ਹੇਕਾਂ ਦੇ ਕਦਮਾਂ 'ਚ

ਟੁੱਟੇ ਮੁਕਟ ਤਾਰਿਆਂ ਦੇ ਰੁਲਦੇ-

ਰੋਹ ਦੀ ਡੂੰਘੀ ਨੇਸ ਖੁਭੀ

ਸਾਰੇ ਪਤਾਲ ਹੀ ਸੁੰਨ ਵੋ !

ਰੋਹ ਦੀ ਕਾਲੀ ਅਯਾਲ ਦਾ ਫੈਲਿਆ ਜੰਗਲ 

ਸ਼ਾਹ ਰਗ ਦੇ ਹੇਠਾਂ ਮੇਦਨੀ-ਮੂਰਛਾ ਫੈਲੀ। 

ਇਕ ਇਕ ਕਣੀ ਸ੍ਵੇੇਤ

ਮੇਰੇ ਧਿਆਨ 'ਚੋਂ ਕਾਲੀ ਅਯਾਲ 'ਤੇ ਪੈਂਦੀ-

ਗਹਿਰੀ ਅੱਖ ਦੇ ਲਹੂ ਨਾਲ 

ਕਦੇ ਕਦੇ ਮੈਂ ਭੈਅ ਨੂੰ ਚੀਰਦਾ 

ਮੈਂ ਗਾੜ੍ਹੀ ਅਗੋਚਰ ਸੁੰਨ ਵਿੱਚੋਂ

ਜਗਤ ਦੀ ਮਾਇਆ ਨੂੰ ਧੂੰਹਦਾ— 

ਮੈਂ ਆਪਣੀ ਕਾਇਆਂ ਨੂੰ ਨੋਚਦਾ 

ਲਹੂ ਦੇ ਆਖ਼ਰੀ ਨਸ਼ੇ 'ਚੋਂ।

ਮੈਂ ਅਲਖ ਦੀ ਗੁੰਮੀ ਅੱਗ 'ਚੋਂ

ਨਾਰਾਂ ਨੂੰ ਨਗਨ ਕਰਦਾ ਬਸਤਰ ਉਤਾਰ ਕੇ- 

ਮੇਰੀਆਂ 'ਵਾਜਾਂ ਰੋਹੀਆਂ ਦੇ ਵਾਂਗ ਸੁੱਕੀਆਂ, 

ਅੱਖਾਂ ਦੀ ਹਿੰਸਾ ਚੋਂ ਫੇਰ ਉੱਠਦਾ

ਮੈਂ ਰੱਜਿਆ ਸੋਮ ਰਸ ਪੀ ਕੇ ਨਿਕਲਦਾ 

ਸਾਉਣ ਜਿਉਂ ਹਰਾ ਕਚੂਰ ਹੋ।

“ਜਾਨ ਨੂੰ ਤੁੰਬ ਕੇ ਸੁੱਟਦਾ ਦੂਰ ਤਕ 

ਤਾਂ ਰੁੱਖਾਂ ਦੇ ਸੰਘਣੇ ਬੇਲੇ

ਸੁੰਨ 'ਚੋਂ ਮਾਰ ਕਿਲਕਾਰੀਆਂ ਨਿਕਲਦੇ—

ਮੇਰੀ ਜਾਨ ਗਾੜ੍ਹੀ

ਭਾਰੇ ਹੜ੍ਹਾਂ ਵਰਗੀ

ਧਿਆਨ ਸਮੇਟ ਕੇ ਚੁੱਪ ਦਾ

ਨਿਰ-ਧਿਆਨ ਮੇਦਨੀ ਕਰਦੀ।

“ਕਦੇ ਕਦੇ ਮੈਂ ਸੁੰਨ ਅੱਖਰ 'ਚ ਉਤਰਦਾ 

ਕੂੰਜਾਂ ਦੇ ਹੜ੍ਹ ਦੀ ਫਰਫਰ ਸਿਤਾਰਿਆਂ ਤੀਕਣ 

ਗੁੰਮਦੀ ਇਕ ਠੰਢਾ ਫਰਾਟਾ ਮਾਰ ਕੇ, 

ਜਿਉਂ ਵਣਾਂ ਦੇ ਕਾਫ਼ਲੇ ਲੱਖਾਂ

ਕਿਸੇ ਵਲੀ ਦੇ ਮਹਿਰਮ ਤੀਰ ਦੇ ਪਿੱਛੇ ਉੱਡਦੇ।

ਰੁੱਖ ਦੀ ਗੁਪਤ ਜੜ ਵਾਂਗੂੰ

ਮੈਂ ਸੁੰਨ ਵਿਚ ਲੇਟਦਾ

ਬਾਹਰ ਕਾਇਆਂ ਦੇ ਹੜ੍ਹ ਪਏ ਵਗਦੇ 

ਗਿਆਨ-ਬਿਭੂਤੀ ਮੈਂ ਥੀਂਵਦਾ, 

ਮੇਰੇ ਹੜ੍ਹ ਪਏ ਲੱਭਦੇ ਮੈਨੂੰ;

ਮੈਂ ਕਾਲ ਦੀ ਆਕੀ ਭੁਜਾ ਨੂੰ ਤੋੜ ਕੇ

ਧੂੜ ਦੇ ਅੰਨ੍ਹੇ ਗੁਬਾਰ ਵਿਚ ਸੁੱਟਦਾ;

ਕੋਪ-ਰਗਾਂ ਵਿਚ ਸੂਰਜ ਨਿਗਲ ਕੇ 

ਮੈਂ ਕਿੱਕਰਾਂ ਦੇ ਝੁੰਡ ਵਿਚ ਤਾਣੀ ਤਾਣਦਾ- 

ਨ੍ਹੇਰ-ਚਾਨਣ ਜ਼ਿਮੀਂ-ਅਸਮਾਨ ਤੋਂ ਬਾਹਰ ਦੀ 

ਮੈਂ ਗੁਪਤ ਤਿਊੜੀ ਆਖ਼ਰੀ—

ਅਬੋਲ ਹੁਕਮ, ਕਹਿਰ ਦੀ ਚੁੱਪ ਜ਼ਬਾਨ ਹੋ

ਮੇਦਨੀ ਦੀਆਂ ਸੁਹਲ ਰਗਾਂ 'ਤੇ ਲਿਪਟਿਆ ਸਿੱਕਾ

ਜਬਰ ਦੀ ਚੁੱਪ ਵਿਚ

ਨਜ਼ਰ ਜਦ ਕਰਦੀ ਗਹਿਰੀਆਂ ਸਾਜ਼ਿਸ਼ਾਂ, 

ਛਲਕਦੇ ਲੱਖਾਂ ਭੁਚਾਲ ਹੋ,

ਹੜ੍ਹ ਨਸਦੇ ਪਾਗ਼ਲ ਦੇ ਵਾਂਗ ਚੀਕਦੇ ਰੋਂਵਦੇ, 

ਇਸ ਭਾਰੀ ਹੌਂਕ ਦੇ ਉੱਤੇ

ਮੈਂ ਬੰਨ੍ਹਿਆ ਮਿੱਠੀਆਂ ਸੁਰਾਂ ਦੀ 'ਵਾਜ ਨੂੰ। 

ਫੇਰ ਮੈਂ ਜ਼ਿਮੀਂ ਦੇ ਕੌੜੇ ਹੜ੍ਹਾਂ ਨੂੰ

ਜੀਭ ਦੇ ਹੇਠਾਂ ਨੱਪਦਾ,

ਮੈਂ ਜੀਭ ਹੋ ਸੌਂਦਾ ਸੁਹਲ ਕਮਲ ਦੀ ਛਾਤੀ 'ਤੇ !

“ਮਲੂਕ ਨਦੀਆਂ ਦੀ ਕਾਮੀ ਜੂਹ ਵਿਚ 

ਮੈਂ ਭੇਜਦਾ ਮੁੰਨਿਆਂ ਨਵਾਂ ਮਲੂਕ ਚੇਲੜਾ, 

ਜੋ ਹੁਸਨ ਦੀ ਰੱਜਵੀਂ ਭੁੱਖ ਲੈ

ਪਰਤਦਾ ਨੀਵੀਂ ਅੱਖ ਕਰ ਜੋਗ ਦੇ ਆਂਗਣ।

“ਸੁੰਨ ਦੀਆਂ ਖੁੱਲਣ ਵਰਾਛਾਂ

ਮੈਂ ਬਾਹਰ ਆਂਵਦਾ ਭੁੱਖਾ ਤਿਹਾਇਆ— 

ਪੱਥਰਾਂ 'ਤੇ ਖਿਲਰੇ ਰਿਜ਼ਕ ਦੇ ਦਾਣਿਆਂ ਉੱਤੋਂ 

ਝੁਕ ਕੇ ਮੈਂ ਪੰਛੀਆਂ ਦੇ ਸਬਰ ਨੂੰ ਚੁੱਕਦਾ 

ਰੁਕਦਾ ਭੋਲੀਆਂ ਅੱਖਾਂ ਦੇ ਸਹਿਮ ਕੋਲੇ।

“ਇਹਨਾਂ ਨਿੱਕਿਆਂ ਰਾਹਾਂ 'ਤੇ

ਰਾਹਾਂ ਤੋਂ ਕਿਤੇ ਵੱਡੇ ਨਾਥ ਦਾ ਆਸਨ 

ਕਿਤੇ ਵੱਡੇ ਰਥ ਦਾ ਚੀਕਦਾ ਪਹੀਆ। 

ਹੁਕਮ ਦਾ ਅੰਤ ਆਦਿ ਹੋ

ਦਾਵਾ ਆਗਨੀ ਤੇ ਮੂਰਛਿਤ ਤਰਬਾਂ, 

ਮੂਰਛਿਤ ਕਾਫ਼ਲਾ ਰੂਹਾਂ ਦਾ।

ਸਮਝ ਆਵੇ ਇਸ ਨਿੱਕੇ ਸਫ਼ਰ ਵਿਚ

ਸੀਨੇ ਦੇ ਨੰਨ੍ਹੇ ਭੈਅ ਵਿਚ ਕਿੱਡਾ ਨਾਥ ਹੋ !”

(2)

ਨਾਥ ਨੂੰ ਖੋਹ ਪੈਂਦੀ :

ਗੂੰਜਦੇ ਅਹੁੰ ਦੇ ਨਾਦ ਵਿਚ

ਸੱਚ ਦਾ ਆਖ਼ਰੀ ਹੁਕਮ ਜਦ ਦਿੰਦਾ।

ਸਿਆਲਕੋਟ ਦੀਆਂ ਗਲੀਆਂ ਦੇ ਅੰਦਰ

ਪਤਲੀ ਮਹੀਨ ਧੂੜ ਦੇ ਉਹਲੇ 

ਭਰਨ ਹੌਕਾ ਦੂਰ ਦੇ ਰਾਹੀ— 

ਸ਼ਹਿਰ ਦੀ ਸਰਾਂ ਦੇ ਸੁੰਞੇ ਆਂਗਣੀਂ 

ਸਮੇਂ ਦੇ ਲੱਖਾਂ ਪਰਦੇ ਗੁਮਨਾਮ ਹੁੰਦੇ- 

ਛੱਤ 'ਤੇ ਬੈਠੇ ਕਬੂਤਰਾਂ ਦੇ ਪਰਾਂ ਹੇਠਾਂ 

ਸੁੰਨ ਦਾ ਨ੍ਹੇਰਾ ਫੈਲਦਾ-

ਕੋਈ ਮਟਕੀ ਦੁੱਧ ਦੀ ਚੁੱਕੀ 

ਸ਼ਹਿਰ 'ਚੋਂ ਨਿਕਲਿਆ

ਰੁਖ਼ ਕੀਤਾ ਜੋਗੀਆਂ ਦੀ ਜੂਹ ਵਲ— 

ਪੌਣ ਦਾ ਲਹੂ ਨਾਲ ਭਿੱਜਿਆ ਦਾਮਨ 

ਬਾਗ਼ ਦੇ ਸੁੱਕੇ ਟਾਹਣਾਂ ਚੋਂ ਲੰਘਦਾ। 

ਪੀਲੇ ਪੱਤਾਂ ਦੇ ਸੀਨੇ 'ਤੇ ਵੱਜਦੇ ਫਰਾਟੇ 

ਜਿਵੇਂ ਦਰਿਆ ਲੱਖਾਂ ਵਗਦੇ ਆਵਣ। 

ਲੂਣਾ ਨੇ ਬਾਂਦੀ ਨੂੰ ਭੇਜਿਆ 

ਖ਼ਾਨਗਾਹ 'ਤੇ ਦੀਵਾ ਬਾਲ ਕੇ ਆਵੇ।

ਰਾਜੇ ਸਲਵਾਨ ਨੂੰ ਜਾਪੇ

ਨ੍ਹੇਰ ਵਿਚ ਕਾਇਆਂ ਕਰ ਕਰ ਡਿੱਗਦੀ 

ਖ਼ਾਕੀ ਪੱਤ ਹੋ ਰੁਲਦੀ ਦੀਨ-ਰੰਕ ਦੇ ਦਰਾਂ 'ਤੇ, 

ਜਿਸ 'ਤੇ ਆਉਂਦੀਆਂ ਜਾਂਦੀਆਂ ਪੌਣਾਂ 

ਉਤਰ ਆਵਣ ਮੌਤ ਨੂੰ ਪੀਣ ਲਈ।

ਮਾਂ ਇਛਰਾਂ ਚਾਨਣੀ ਦੇ ਪਰਦੇ ਚੁੱਕ ਚੁੱਕ

ਵਣਾਂ ਦੇ ਰੰਗਾਂ ਨੂੰ ਲਾਹ ਕੇ

ਨਜ਼ਰ ਦੇ ਸਭ ਦਰਵਾਜ਼ੇ ਦੂਰ ਕਰ

ਦੇਖਣੇ ਨੂੰ ਪੂਰਨ ਸਿੱਕਦੀ

ਪੁੱਤਰ ਦੀ 'ਵਾਜ ਨੂੰ ਸੁਣਨਾ ਮੰਗਦੀ

ਚੁੱਪ ਵਰਤਾਂਵਦੀ !

ਜਿੰਨੇ ਵੀ ਬਿਟਰੇ ਬੋਲ ਜਹਾਨ ਦੇ

ਪੌਣਾਂ ਦੇ ਚੰਚਲ ਫਰਾਟੇ

ਪਿੱਪਲਾਂ ਦੀ ਖੜ ਖੜ

ਪੈਰਾਂ ਦੀ ਚਾਪ, ਘੋੜਾਂ ਦੀ ਟਾਪ,

ਅੰਨ੍ਹਾ ਖੜਾਕ ਜਾਂ

ਪਿਆਰ ਦੀ ਹਾਕ ਜਾਂ

ਇੱਛਰਾਂ ਦੀ ਛਾਤੀ 'ਚ ਸੁੱਤੀਆਂ ਲੋਰੀਆਂ ਨਾ' ਸੌਂਵਦੇ।

ਪੂਰਨ ਦੇ ਬੁੱਚੇ ਅੰਗਾਂ ਤੇ

ਹਰੀਆਂ ਸ਼ਾਖਾਂ ਉਲਾਰੀਆਂ ਵਣਾਂ ਨੇ— 

ਤਾਰਿਆਂ ਦੀ ਲਿਸ਼ਕਾਰ ਦਾ ਵੇਲਾ 

ਜ਼ਖ਼ਮਾਂ 'ਤੇ ਜੱਲਾਦਾਂ ਦੇ ਅੱਥਰੂ ਸੁੱਟਦਾ— 

ਸਮੇਂ ਦੇ ਕੱਚੇ ਬੋਲ ਨੂੰ

ਚੰਨ ਇਕ ਝੱਖੜ ਦੀ ਅੱਗ ਲਾ ਪਾਟਿਆ।

ਵੱਡਿਆਂ ਤਖ਼ਤਾਂ ਦੇ ਕੋਲੇ

ਕੂੜ ਦੇ ਹਾਕਮ ਨੂੰ ਸੁੱਟ ਕੇ,

ਖ਼ੂਨ ਸ਼ਹੀਦਾਂ ਦੀ ਸੱਦ ਨਾਲ ਚੱਲੇ 

ਬੇਸ਼ੁਮਾਰ ਅੱਖਾਂ ਦੇ ਬਾਗ਼ੀ ਲਹੂ, 

ਪਰਚਮ ਤੇ ਤਾਰਿਆਂ ਦੇ ਕੈਦੀ ਬੰਨ੍ਹ ਕੇ 

ਖ਼ਾਕ ਨੂੰ ਅਹੁੰ ਦੀ ਅੱਗ ਤਕ ਤੋੜ ਕੇ। 

ਬੱਚੇ ਅੰਗਾਂ ਤੋਂ ਅੱਗੇ

ਸੁੰਨ ਨੇ ਚੱਬ ਦਿੱਤੇ ਲਸ਼ਕਰ ਹਜ਼ਾਰਾਂ— 

ਇਕ ਚੀਸ ਵੱਟੀ ਪੂਰਨ ਦੀ ਕੋਹੀ ਰੱਤ ਨੇ 

ਤਾਂ ਇਛਰਾਂ ਦੇ ਬੇਸ਼ੁਮਾਰ ਹੱਥ ਲੱਗੇ ਓਸ ਨੂੰ।

(3)

ਗੋਰਖ ਨਾਥ ਨੇ ਚੰਨ ਦੀ ਟਿੱਕੀ ਨੂੰ ਦੇਖਿਆ 

ਲਹੂ ਨੂੰ ਦਿੱਤਾ ਧਿਆਨ ਦਾ ਆਸਰਾ :

“ਰੁੱਖਾਂ ਤੇ ਨਦੀਆਂ ਨੇ ਸਦਾ ਨਹੀਂ ਰਹਿਣਾ, 

ਰਹੇਗਾ ਕੌੜੀ ਮਿੱਟੀ 'ਚ ਰਹੇਗਾ

ਧਿਆਨ ਦਾ ਅਦ੍ਰਿਸ਼ਟ ਪਿੰਜਰ-

ਜਿਸਦੇ ਚੁਫੇਰੇ

ਭੈਅ ਬਲਵਾਨ ਮੇਰੀ ਰੱਤ ਦਾ 

ਸਦਾ ਹੀ ਫਿਰਦਾ ਰਹੇਗਾ।

ਮੁਰਝਾਉਂਦੇ ਰੁੱਖਾਂ ਦੇ ਹੇਠਾਂ

ਰੋਗ ਦੀ ਫਾਹੀ ਤੋਂ ਡਿੱਗਦੇ ਜੀਵ ਦੇ ਕੋਲੇ

ਸੁੱਕੀਆਂ ਨਦੀਆਂ ਦੇ ਸੀਨੇ

ਧਿਆਨ ਦੇ ਅਦ੍ਰਿਸ਼ਟ ਪਿੰਜਰ 'ਚੋਂ ਉਠ ਕੇ 

ਮੈਂ ਇੱਕੋ ਬੁਰਕ ਵਿਚ ਚਿੱਥ ਸੁੱਟਾਂਗਾ 

ਕੁਲ ਧਰਤੀਆਂ ਦੇ ਸੀਨੇ 'ਤੇ ਝੂੰਮਦੇ ਘਾਹ ਨੂੰ।

ਮੰਨਿਆ ਰੰਗ ਦਾ ਸੰਗ ਮੈਂ ਕਰਦਾ, 

ਵਗਦੇ ਪਾਣੀਆਂ ਦਾ ਮੋਹ ਕਰਦਾ ਰੱਜ ਕੇ, 

ਰੁੱਖਾਂ ਨੂੰ ਤਰਦਾ,

ਪਸ਼ੂਆਂ ਨੂੰ ਨਸ ਨਸ ਫੜਦਾ,

ਹੁੰਦਾ ਮੁਰੀਦ ਚੰਨ ਦੀ ਟਿੱਕੀ ਦੇ ਨਸ਼ੇ ਦਾ,

ਪਰ ਸਭ ਤਰਬਾਂ ਨਸ਼ੀਲੀਆਂ

ਮੈਂ ਉਸ ਰੱਤ ਵਿਚ ਸੁੱਟਦਾ ਬੇਪਰਵਾਹ ਸ਼ਹਿਨਸ਼ਾਹਾਂ ਦੇ ਵਾਂਗੂੰ, 

ਜਿਸਦਾ ਭੈਅ ਬਲਵਾਨ

ਪਲ ਦੀ ਚੁੱਪ ਵਿਚ ਸੁੱਤਿਆਂ ਸਿੰਘਾਂ ਦਾ ਰੋਹ

ਧਿਆਨ ਅਦ੍ਰਿਸ਼ਟ ਦੇ ਫਿਰਦਾ ਚੁਫੇਰੇ।

ਖ਼ੂਨ ਸ਼ਹੀਦਾਂ ਦੇ ਕੰਢੜੇ

ਭਖਦੇ ਸੂਹੇ ਤੰਬੂ ਧਰਮ ਦੇ,

ਮੈਂ ਬਲ ਰਿਹਾ ਓਥੇ

ਦਰਵੇਸ਼ ਜਿਹਾ ਦੀਵਾ।

ਅਭਿਸ਼ਾਪ ਦੇ ਤੜਪਦੇ ਪੰਜੇ ਦੇ ਹੇਠਾਂ

ਲੱਖ ਦੁਸ਼ਟਾਂ ਦੇ ਰਾਜਾਂ ਦੀ ਭਸਮ ਮੈਂ ਦੱਬਦਾ 

ਖ਼ੂਨ ਸ਼ਹੀਦਾਂ ਬਸ ਮੈਂ ਆਪ ਹਾਂ।”

(4)

ਨਾਦ ਵੜਿਆ ਗਗਨ ਦੀ ਜੂਹ ਵਿਚ 

ਜਿਉਂ ਹਾਥੀਆਂ ਦੀ ਧਮਕ ਪੈਂਦੀ ਜੰਗਲਾਂ। 

ਜੋਗੀ ਦਾ ਸੰਖ ਪਿਆ ਗੂੰਜਦਾ

ਸਾਰੇ ਅਕਾਸ਼ ਸੰਖ ਦੀ ਗੂੰਜ ਨੇ !

ਪੱਛੇ ਅੰਗ ਨੇ ਧਰਤ ਦੇ ਰੁਲਦੇ,

ਬੇਲੇ ਪਾੜ ਕੇ ਸੁੱਟੇ ਕਿਸ ਨੇ ਰਾਹ ਵਿਚ !

ਦਸਵੇਂ ਦੁਆਰ ਦੇ ਗੁੰਬਦ 'ਚ ਖੜਾ ਹੈ ਜੋਗੀ, 

ਬਸਤਰ ਉਤਾਰ ਕੇ ਧਰਤ ਦੇ

ਨਦੀ ਕੋਈ ਨਗਨ ਹੋਈ— 

ਜੰਗਲਾਂ ਦਾ ਪਰਦਾ ਚੁੱਕ ਕੇ 

ਪੰਛੀ ਦੀ ਅੱਖ ਇਕ ਚਮਕੀ— 

ਦੀਵਾ ਦਰਵੇਸ਼ ਦਾ ਤੱਕ ਕੇ

ਰੈਣ ਫ਼ਕੀਰਨੀ ਚੱਲੀ—

ਜੋਬਨ ਦੀ ਉਮਰ ਵਿਚ ਧਰਤ ਦੇ ਸੀਨੇ 'ਤੇ

ਕਾਲੇ ਖੂਹਾਂ ਦੀਆਂ ਨੋਸ਼ਾਂ ਖੁਭੀਆਂ;

ਤਦ ਸੰਖ ਦੀ ਗੂੰਜ 'ਚੋਂ ਵਲੀਆਂ ਦੀ 'ਵਾਜ ਇਕ ਆਈ, 

ਨਾਥ ਦਾ ਮੋਨ ਬੁੱਤ ਉਤਰਿਆ

ਮੋਨ ਅੱਖ ਹੋਈ ਦਸਮ ਦੁਆਰ ਦੀ; 

ਪੱਛਿਆਂ ਅੰਗਾਂ ਨੂੰ ਆਂਵਦਾ ਚੇਤਾ, 

ਮਿਹਰਬਾਨ ਮੁਰਸ਼ਦ ਦਾ ਦੂਰੋਂ,

ਅਸੀਸਾਂ ਲੰਘਦਿਆਂ ਮੁਸਾਫ਼ਰਾਂ ਦੀਆਂ 

ਮੂਰਛਾ 'ਚੋਂ ਟਾਹਣੀਆਂ ਦੇ ਵਾਂਗੂੰ ਫੁੱਟੀਆਂ। 

ਨਾਥ ਖੜਾ ਪਾਉਂਦਾ

ਖ਼ੈਰ ਗ਼ਰੀਬਨੀ ਧਰਤ ਨੂੰ

ਰੁੱਤਾਂ ਦੀਆਂ ਘੁੱਘੀਆਂ ਨੂੰ ਚੋਗਾ ਚੁਗਾਂਵਦਾ।

 

📝 ਸੋਧ ਲਈ ਭੇਜੋ