ਉਸਦੇ ਨੈਣਾਂ ਵਿੱਚ
ਨਾ ਕਿਸੇ ਦੇ ਦਰਦ ਲਈ ਕਰੁਣਾ
ਨਾ ਕਿਸੇ ਲਈ ਮੋਹ ਦੀ ਲਿਸ਼ਕ
ਨਾ ਕਿਸੇ ਲਈ ਮੁਹੱਬਤ ਦਾ ਅਹਿਸਾਸ
ਨਾ ਕਿਸੇ ਲਈ ਸਨੇਹ ਭਰੀ ਤੱਕਣੀ
ਉਦਾਸ ਵੀ ਨਹੀਂ ਦੇਖਿਆ
ਉਸਨੂੰ ਕਿਸੇ ਨੇ ਕਦੇ
ਉਸਦੇ ਘੁੱਟੇ ਬੁੱਲ੍ਹਾਂ ’ਚੋਂ
ਹਾਸਾ ਮਸਾਂ ਛਣ ਛਣ ਕੇ
ਬਾਹਰ ਨਿਕਲਦਾ
ਹੁਸਨ ਦੇ ਗਰੂਰ ’ਚ
ਉਹ ਖਿੜੇ ਫੁੱਲਾਂ ਨੂੰ ਮਿੱਧਦੀ ਲੰਘ ਜਾਂਦੀ
ਝਰਨਿਆਂ ਦੀ ਕਲ ਕਲ ਵੀ
ਉਸਨੂੰ ਰੋਕ ਨਾ ਸਕਦੀ
ਕੋਈ ਸ਼ੈਅ ਖ਼ੂਬਸੂਰਤ ਕੁਦਰਤ ਦੀ
ਉਸਨੂੰ ਪ੍ਰਭਾਵਿਤ ਨਾ ਕਰਦੀ
ਯਾ ਖ਼ੁਦਾ !
ਤੂੰ ਉਸਨੂੰ ਅਥਾਹ ਹੁਸਨ ਦਿੱਤਾ
ਹੁਸਨ ਦਾ ਗਰੂਰ ਦਿੱਤਾ
ਪਰ ਉਸ ਕੋਲੋਂ
ਮਨ ਦੀ ਸਾਰੀ ਸੰਵੇਦਨਾ ਖੋਹ ਲਈ
ਮਿੱਟੀ ਰਹਿ ਗਈ ਉਹ
ਨਿਰੀ ਗੋਰੀ ਮਿੱਟੀ
ਆਪਣੇ ਹੁਸਨ ਦੇ ਗਰੂਰ ’ਚ ਗੁੰਨੀ ਹੋਈ
ਸਿਰਫ਼ ਆਪਣੇ ਆਪ ਦੀ
ਪਰਿਕਰਮਾ ਕਰਦੀ।