ਗੋਬਰਾਹਾ

ਇਹ ਕਹਾਣੀ

ਇੱਕ ਐਸੇ ਦੇਸ ਦੀ ਹੈ

ਜਿਸਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ

ਉਸ ਦੇਸ ਵਿੱਚ

ਇੱਕ ਕਬੀਲਾ ਐਸਾ ਸੀ

ਜਿਹਨਾਂ ਦੇ ਦਿਲ ਪੱਥਰ ਦੇ ਸਨ

ਉਹ ਪੱਥਰ ਚਿੱਤ ਕਬੀਲਾ

ਖੁਸ਼ਹਾਲ ਸੀ ,ਹਰ ਸੰਪਤੀ ਦਾ ਮਾਲਕ ਸੀ ,ਮਾਲਾਮਾਲ ਸੀ 

ਉਸ ਦੇਸ ਵਿੱਚ ਇੱਕ ਹੋਰ ਕਬੀਲਾ ਵੱਸਦਾ ਸੀ

ਜਿਸ ਕੋਲ਼ ਆਪਣੇ ਦਸਾਂ ਨਹੁੰਆਂ ਦੀ

ਕਿਰਤ ਤੋਂ ਬਿਨਾ ਕੁਝ ਵੀ ਨਹੀਂ ਸੀ

ਉਸਦੀ ਆਪਣੀ ਕਿਰਤ 'ਤੇ ਵੀ ਉਸਦਾ ਨਹੀਂ

ਪੱਥਰ-ਚਿੱਤ ਕਬੀਲੇ ਦਾ ਅਧਿਕਾਰ ਸੀ

ਉਸਦੀ ਕਿਰਤ ਦਾ ਸਤਿਕਾਰ ਨਹੀਂ ਤ੍ਰਿਸਕਾਰ ਸੀ

ਕਿਰਤ ਦਾ ਹੀ ਨਹੀਂ ਇਸ ਕਬੀਲੇ ਦਾ ਵੀ ਤ੍ਰਿਸਕਾਰ ਸੀ

ਪੱਥਰ -ਚਿੱਤ ਕਬੀਲਾ ਕਿਰਤੀ ਕਬੀਲੇ ਤੋਂ ਕੰਮ ਕਰਾਉਂਦਾ

ਬੰਧੂਆ ਮਜ਼ਦੂਰਾਂ ਵਾਂਗ

ਤੇ ਮਜ਼ਦੂਰੀ ਵਿੱਚ ਦਿੰਦਾ

ਪਸ਼ੂਆਂ ਦੇਂ ਗੋਹੇ ਵਿੱਚੋਂ ਨਿੱਕਲੇ ਦਾਣੇ -'ਗੋਬਰਾਹਾ'

ਕਿਰਤੀ ਕਬੀਲੇ ਦੀਆਂ ਮਾਂਵਾਂ

ਇਹਨਾਂ ਦਾਣਿਆਂ ਨੂੰ ਪੀਸ ਕੇ

ਆਟਾ ਬਣਾਉਂਦੀਆਂ

ਰੋਟੀਆਂ ਪਕਾਉਂਦੀਆਂ

ਪਰਿਵਾਰਾਂ ਨੂੰ ਖਵਾਉਂਦੀਆਂ

ਤੇ ਫਿਰ ਧੀਆਂ ਵੀ ਮਾਂਵਾਂ ਬਣਕੇ

ਇਹੀ ਕਹਾਣੀ ਅੱਗੇ ਦੁਹਰਾਉਂਦੀਆਂ .....

ਮੈਥੋਂ ਤਾਂ ਇਹ ਕਹਾਣੀ ਵੀ

ਹੋਰ ਅੱਗੇ ਸੁਣਾਈ ਨਹੀਂ ਜਾ ਰਹੀ

ਕਿਰਤੀ ਕਬੀਲੇ ਦੇ ਲੋਕਾਂ ਨੇ ਜੀਵੀ ਕਿੰਝ ਹੋਵੇਗੀ ?

ਵਿਤਕਰਿਆਂ ਦੀ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ

ਮਹੀਨੇ , ਸਾਲ , ਦਹਾਕੇ ਨਹੀਂ

ਸਦੀਆਂ ਚੱਲੀ ਹੈ...

ਇੱਕ ਨਹੀਂ ਹਜ਼ਾਰਾਂ ਸਾਲ

ਹਜ਼ਾਰਾਂ ਕਹਾਣੀਆਂ ਚੱਲੀਆਂ ਨੇ ....

ਮੈਂ ਲਾਹਨਤ ਭੇਜਦਾ ਹਾਂ

ਐਸੇ ਸੋਨੇ ਦੀ ਚਿੜੀ ਕਹੇ ਜਾਂਦੇ ਦੇਸ ਤੇ

ਇਹ ਸੋਨੇ ਦੀ ਚਿੜੀ ਨਹੀਂ

ਘੋਰ ਨਸਲੀ ਵਿਤਕਰੇ ਕਰਨ ਵਾਲ਼ੇ

ਮਨੂੰਵਾਦੀ ਕਾਂਵਾਂ ਦਾ ਦੇਸ ਹੈ

📝 ਸੋਧ ਲਈ ਭੇਜੋ