ਕੋਈ ਨਹੀਂ ਕੋਈ ਨਹੀਂ
ਉਹ ਮੇਰਾ ਕੋਈ ਵੀ ਨਹੀਂ
ਮੇਰੇ ਗੁਆਂਢ ਵਿਚ ਰਹਿੰਦਾ ਉਹ
ਮੇਰਾ ਗੁਆਂਢੀ ਨਹੀਂ ਸੀ
ਉਹਨੂੰ ਲੈ ਗਏ ਉਹ
ਜੋ ਜਦੋਂ ਆਉਂਦੇ ਨੇ ਰਾਤ ਪੈ ਜਾਂਦੀ ਹੈ
ਗਲੀ ਦੀ ਓਸ ਚੁਪ ਨੂੰ
ਮੈਂ ਸਿਰਫ਼ ਏਨਾ ਕੁ ਜਾਣਦਾ ਹਾਂ
ਇਕ ਵਾਰ ਕਾਹਲੀ ਕਾਹਲੀ ਗਲੀ ਵਿਚੋਂ ਲੰਘਦੇ
ਮੈਂ ਉਹਦੀ ਨੇਮ-ਪਲੇਟ ਚੋਰ-ਅੱਖੀਂ ਪੜ੍ਹੀ ਸੀ
ਜਾਂ ਕਦੀ ਕਦੀ ਗਲੀ ਦੀ ਨੁੱਕਰ ਤੇ
ਬੇ-ਬੂਹਾ ਕੰਧ ਤੇ ਲੱਗੇ
ਨਵੇਂ ਤੇ ਪੁਰਾਣੇ ਇਸ਼ਤਿਹਾਰ
ਬੜੇ ਗਹੁ ਨਾਲ ਪੜ੍ਹਦੇ ਮੈਂ ਉਹਨੂੰ ਵੇਖਿਆ ਸੀ
ਉਹ ਆਏ ਜੀਪ ਵਿਚ
ਹੱਥਕੜੀਆਂ ਸਮੇਤ
ਚੀਖ਼ਦੇ ਬੂਟਾਂ ਸਮੇਤ
ਬੇਵਜ੍ਹਾ
ਉਹ ਜਦੋਂ ਆਪਣੇ ਜਲੂਸ ਵਿਚ
ਗਲੀ 'ਚੋਂ ਲੰਘਿਆ
ਮੈਂ ਅਪਣੇ ਘਰ ਦੇ ਸਾਮ੍ਹਣੇ
ਕੰਧ ਤੇ ਲੱਗੇ ਇਸ਼ਤਿਹਾਰ ਵਾਂਗ ਹਾਜ਼ਰ ਸਾਂ
ਉਸ ਨੇ ਗਲੀ ਦੇ ਸਾਰੇ ਇਸ਼ਤਿਹਾਰਾਂ ਨੂੰ
ਇਕ ਇਕ ਕਰ ਕੇ ਵੇਖਿਆ
ਤੇ ਫੇਰ ਚੁਪਚਾਪ ਜੀਪ ਵਿਚ ਜਾ ਬੈਠਾ
ਕੋਈ ਨਹੀਂ ਕੋਈ ਨਹੀਂ
ਉਹ ਮੇਰਾ ਕੋਈ ਨਹੀਂ ਸੀ
ਜੀਪ ਚਲੀ ਗਈ ਤਾਂ ਲੱਗਾ
ਇਹ ਗਲੀ ਇਕ ਦਰਿਆ ਸੀ
ਜੋ ਹੁਣੇ ਹੁਣੇ ਸੁੱਕਾ ਹੈ
ਏਥੇ ਇਕ ਰੁੱਖ ਸੀ
ਜਿਸ ਦੇ ਪੰਛੀ-ਪੱਤਰ ਅਚਨਚੇਤ
ਕਿਤੇ ਉਡ-ਪੁਡ ਗਏ ਨੇ ਸਾਰੇ ਦੇ ਸਾਰੇ
ਘਰ ਦੀ ਪੜਛੱਤੀ ਤੇ
ਇਕ ਕਬਾੜ-ਬਕਸਾ ਏ
ਉਸ ਵਿਚ ਖੁੰਢਾ, ਜੰਗਾਲਿਆ
ਇਕ ਚਾਕੂ ਹੈ,
ਬੇਵਜ੍ਹਾ
ਕੋਈ ਨਹੀਂ ਕੋਈ ਨਹੀਂ
ਉਹ ਮੇਰਾ ਕੋਈ ਨਹੀਂ ਸੀ
ਮੇਰੇ ਗੁਆਂਢ ਵਿਚ ਰਹਿੰਦਾ
ਉਹ ਮੇਰਾ ਗੁਆਂਢੀ ਨਹੀਂ ਸੀ