ਗੁੱਡੀਆਂ ਗੁੱਡੇ ਪਿਆਰ ਪਟੋਲੇ
ਲੁਕ ਈ ਗਏ ਨੇਂ ਯਾਰ ਪਟੋਲੇ
ਕੱਢ ਬਹਿੰਦੀ ਏ ਬੇਬੇ ਅੱਜ ਵੀ
ਲਾਡੋ ਦੇ ਦੋ ਚਾਰ ਪਟੋਲੇ
ਦਿਸ ਪੈਂਦੇ ਨੇਂ ਜਦ ਕਦੀ ਵੀ
ਅੱਖਾਂ ਦਿੰਦੇ ਠਾਰ ਪਟੋਲੇ
ਮਿਲਣਾ ਛੱਡ ਕੇ ਤੱਕਿਆ ਵੀ ਨਾ
ਮੁੜ ਕੇ ਜਾਂਦੀ ਵਾਰ ਪਟੋਲੇ
ਬਚੀਆਂ ਤੇ ਕੀ ਪੱਗਾਂ ਬਚੀਆਂ
ਕਰਕੇ ਤਾਰੋ ਤਾਰ ਪਟੋਲੇ
ਰੋਂਦੇ ਫਿਰਦੇ ਇੱਕ ਦੂਜੇ ਨੂੰ
ਆਰ ਪਟੋਲੇ ਪਾਰ ਪਟੋਲੇ
ਛੱਡ ਕੇ ਟੁਰ ਗਏ ਦੇਸ ਬੇਗਾਨੇ
ਕਿੰਜ ਡਾਰਾਂ ਦੇ ਡਾਰ ਪਟੋਲੇ
ਰੁਲ਼ ਜਾਂਦੇ ਨੇਂ ਜਗ ਤੇ ‘ਸੰਧੂ’
ਜੋ ਬਹਿੰਦੇ ਨੇਂ ਹਾਰ ਪਟੋਲੇ