ਗੁੱਝੀਆਂ ਗੁੱਝੀਆਂ ਮਰਜ਼ਾਂ ਲੱਗੀਆਂ

ਗੁੱਝੀਆਂ ਗੁੱਝੀਆਂ ਮਰਜ਼ਾਂ ਲੱਗੀਆਂ, ਜਿੰਦੜੀ ਡੋਲੇ ਖਾਂਦੀ

ਗ਼ਮ ਦੀ ਚੱਕੀ ਪੁੜਾਂ ਵਿਚਾਲੇ, ਸਾਨੂੰ ਰਗੜੀ ਜਾਂਦੀ

ਇਸ ਦੁਨੀਆਂ ਦੀ ਕੂੜੀ ਯਾਰੀ, ਚਾਰ ਦਿਨਾਂ ਦਾ ਮੇਲਾ ਏ,

ਝੱਲੇ ਦਿਲ ਨੂੰ ਕੀ ਸਮਝਾਵਾਂ, ਏਹੋ ਸਮਝ ਨਾ ਆਉਂਦੀ

ਤਾਰਿਆਂ ਦੀ ਰੁਸ਼ਨਾਈ ਭਾਵੇਂ, ਅਪਣੀ ਥਾਂ 'ਤੇ ਸੁਹਣੀ ਏ,

ਵੱਤ ਵੀ ਚੰਨ ਦੇ ਚਾਨਣ ਕੋਲੋਂ, ਅਜ਼ਲਾਂ ਤੋਂ ਸ਼ਰਮਾਂਦੀ

ਰੰਗ-ਰੰਗੀਲੇ ਮਹਿਲਾਂ ਵੇਲੇ, ਸੁੱਖ ਦੀ ਨੀਂਦਰ ਸੌਂਦੇ ਨੇ,

ਦਰਦਾਂ ਮਾਰੀ ਜਿੰਦੜੀ ਮੇਰੀ, ਕੱਲੀ ਨਿੱਤ ਕੁਰਲਾਂਦੀ

ਚਾਰ ਚੁਫੇਰੇ ਧੀਆਂ ਵਾਲੇ, ਰੋਜ਼ ਬਰਾਤਾਂ ਝੱਲਦੇ ਨੇ,

ਕਦ ਪਰਨੇਸਨ ਧੀਆਂ ਜਿਨ੍ਹਾਂ ਘਰ ਨਾ ਸੋਨਾ ਚਾਂਦੀ

ਤਾਂਘ ਸੱਜਣ ਦੀ ਅੱਖੀਆਂ ਦੇ ਵਿੱਚ, 'ਸਾਬਰ' ਕੂੰਜਾਂ ਵਾਂਗੂੰ ਏ,

ਖ਼ੌਰੇ ਕੌਣ ਕੁੜੀ ਅੱਜ ਬਾਰੀ, ਵਿੱਚੋਂ ਝਾਤਾਂ ਪਾਉਂਦੀ

📝 ਸੋਧ ਲਈ ਭੇਜੋ