ਗੁਲਾਬ ਦੀ ਫਸਲ

ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ

ਸੀਸ ਤਲੀ ਤੇ ਰੱਖਣਾ ਜਾਣਦੇ ਹਾਂ।

ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ

ਆਰੇ ਹੇਠ ਵੀ ਜਿੰਦੜੀ ਮਾਣਦੇ ਹਾਂ।

ਸੀਸ ਗੰਜ ਤੇ ਗੜੀ ਚਮਕੌਰ ਵਾਲੀ,

ਸਾਨੂੰ ਅੱਜ ਵੀ ਜੂਝਨਾ ਦੱਸਦੇ ਨੇ।

ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ ,

ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ। 

ਮੀਰ ਮੰਨੂੰ ਨੇ ਵਾਢੀਆਂ ਲੱਖ ਪਾਈਆਂ ,

ਅਸੀਂ ਫੇਰ ਵੀ ਖਿੜੇ ਗੁਲਜਾਰ ਵਾਂਗੂੰ।

ਵੱਢੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ ,

ਸਾਡੇ ਹੌਸਲੇ ਹੋਏ ਅੰਗਿਆਰ ਵਾਂਗੂੰ।

ਬੰਦ–ਬੰਦ ਵੀ ਕੱਟ ਕੇ ਵੇਖ ਚੁੱਕੇ,

ਫੁੱਲ ਮਹਿਕਣੇ ਜ਼ਰਾ ਨਾ ਬੰਦ ਹੋਏ।

ਚਾੜ ਚਰਖੜੀ ਪਰਖਦੇ ਯੋਧਿਆਂ ਨੂੰ,

ਸਾਡੇ ਕੱਦ ਸੀ ਹੋਰ ਬੁਲੰਦ ਹੋਏ।

ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ,

ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ।

ਉੱਚਾ ਸੁੱਟ ਕੇ ਬੋਚਦੇ ਨੇਜ਼ਿਆਂ ਤੇ ,

ਭੋਰਾ ਫੇਰ ਵੀ ਨਾ ਘਬਰਾਉਂਦੀਆਂ ਨੇ।

ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ,

ਜਾ ਕੇ ਪੁੱਛ ਲਓ ਮੁਗਲ ਸਰਕਾਰ ਕੋਲੋਂ।

ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਹੋਵੇ ,

ਪੁੱਛ ਵੇਖਿਓ ਡਾਇਰ ਪਰਿਵਾਰ ਕੋਲੋਂ।

ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ,

ਕੋਇਲ ਆਣ ਕੇ ਉੱਥੇ ਚਹਿਕਦੀ ਹੈ।

ਜਿੱਥੇ-ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ,

ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ।

ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ,

ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ।

ਅਸੀਂ ਜਾਣਦੇ ਕਿੰਝ ਕੁਰਬਾਨ ਹੋਣਾ,

ਸੋਹਣੇ ਦੇਸ਼ ਦੀ ਹਰ ਇੱਕ ਮੰਗ ਉੱਤੇ।

📝 ਸੋਧ ਲਈ ਭੇਜੋ