ਗੁਲਾਬੀ ਚੁੰਨੀ

ਟਰੰਕ 'ਚ ਪਏ

ਚਿਰਾਂ ਦੇ ਸਾਂਭੇ ਹੋਏ

ਕੱਪੜੇ ਫਰੋਲਦਿਆਂ 

ਮਾਂ ਦੀਆਂ ਅੱਖਾਂ

ਚਮਕ ਪੈਂਦੀਆਂ ਨੇ ਹੁਣ ਵੀ

ਜਦੋਂ—

ਗੁਲਾਬੀ ਚੁੰਨੀ ਨੂੰ

ਉਹ ਅਪਣੇ ਪੋਟਿਆਂ ਨਾਲ 

ਸਹਿਜੇ ਜਿਹੇ ਛੂਹਦੀ ਹੈ।

ਕਈ ਵਾਰ ਪੁੱਛਿਆ ਉਸਨੂੰ ਮੈਂ 

“ਇਹ ਬਾਪੂ ਨੇ ਦਿੱਤੀ ਸੀ ” 

ਹੂੰਅਅ ਕਰ 

ਚੁੱਪ ਹੋ ਜਾਂਦੀ।

ਉਸਦੇ ਰਮਜ਼ੀ ਹੁੰਗਾਰੇ ਤੋਂ 

ਮੈਂ ਕੁਝ ਸਮਝ ਨਾ ਸਕਦੀ

ਫਿਰ- ਕੱਲ੍ਹ

ਪੋਟਿਆਂ ਨਾਲ ਗੁਲਾਬੀ ਚੁੰਨੀ ਨੂੰ ਪਲੋਸਦੀ ਮਾਂ 

ਤੇ ਮੇਰਾ ਉਹੀ ਸਵਾਲ-

ਕੀ ਇਹ ਬਾਪੂ ਨੇ ਦਿੱਤੀ ਸੀ,

ਅਚਾਨਕ

ਖੁਸ਼ਕ ਬੁੱਲ੍ਹਾਂ ਤੇ ਚਿੰਬੜੇ ਹਰਫ

ਹਵਾ ਵਿੱਚ ਖਿਲਰੇ

ਮੈਂ ਸੁਣੀਆਂ

ਜਦੋ ਉਸਨੇ ਅਪਣੇ ਮਤੇ ਆਖਿਆ

ਬਾਪੂ ਤੇਰੇ ਨੂੰ ਤਾਂ ਲਾਲ-ਰੰਗ ਪਸੰਦ ਸੀ 

ਗੁਲਾਬੀ-ਰੰਗ ਤਾਂ

ਉਸਨੂੰ ਉੱਕਾ ਨਹੀਂ ਸੀ ਭਾਉਂਦਾ

ਸੰਨਾਟਾ ਪਸਰ ਗਿਆ

ਫਿਜ਼ਾ ਵਿੱਚ ਸਾਰੇ

ਉਹੀ ਸੰਨਾਟਾ

ਜਿਹੜਾ ਹੁਣ ਤੱਕ

ਗੁਲਾਬੀ ਚੁੰਨੀ ਦੀਆਂ

ਤੈਹਾਂ ਵਿੱਚ ਦਫ਼ਨ ਸੀ।

📝 ਸੋਧ ਲਈ ਭੇਜੋ