ਗੁਲਾਮੀ ਜ਼ਿੰਦਗੀ ਦਾ ਨਾਂ ਨਹੀਂ ਹੈ।
ਕਿ ਇਸਦੀ ਜ਼ਿੰਦਗੀ ਵਿਚ ਥਾਂ ਨਹੀਂ ਹੈ।
ਮਿਰੇ ਸਿਰ ਤੇ ਚੁਣੌਤੀ ਦੇ ਨੇ ਸਾਏ,
ਤਿਰੀ ਜ਼ੁਲਫ਼ਾਂ ਦੀ ਗੂੜ੍ਹੀ ਛਾਂ ਨਹੀਂ ਹੈ।
ਮਿਲੇ ਤਾਂ ਬੰਦਿਆਂ ਵਾਂਗੂੰ ਮਿਲਾਂਗੇ,
ਅਸੀਂ ਲੁਕ-ਛਿਪ ਝਨਾਂ ਤਰਨਾ ਨਹੀਂ ਹੈ।
ਤਿਰੇ ਸ਼ਬਦਾਂ 'ਚ ਜੀਅ ਕੇ ਵੇਖਿਆ ਹੈ,
ਤਿਰੇ ਅਰਥਾਂ ’ਚ ਹੁਣ ਮਰਨਾ ਨਹੀਂ ਹੈ।
ਤੁਸੀਂ ਟੰਗਦੇ ਰਹੇ ਬਰਛੇ ਤੇ ਸੂਰਜ,
ਅਸੀਂ ਅਪਰਾਧ ਇਹ ਜਰਨਾ ਨਹੀਂ ਹੈ।
ਲਗਨ ਹੈ, ਤਪਸ਼ ਸੋਚਾਂ ਦੀ ਰਗਾਂ ਵਿਚ,
ਅਸਾਡੇ ਸੂਰਜਾਂ ਮਰਨਾ ਨਹੀਂ ਹੈ।
ਲਗਾ ਮਰਹਮ ਨਾ ਤੂੰ ‘ਅਜਮੇਰ' ਇਸ ਤੇ,
ਜ਼ਖ਼ਮ ਮਿਹਣਾ ਹੈ ਇਹ ਭਰਨਾ ਨਹੀਂ ਹੈ।