ਗੁਮ ਗਿਆ ਸੋਨਾ

ਗੁਮ ਗਿਆ ਸੋਨਾ ਕਦੇ ਚਾਂਦੀ ਮਿਲੀ। 

ਜ਼ਿੰਦਗੀ ਰੋਂਦੀ ਮਿਲੀ ਗਾਂਦੀ ਮਿਲੀ।

ਫਿਰ ਕਿਤੇ ਕੁਝ ਹੋ ਰਿਹਾ ਹੈ ਸਿਆਹ ਸਫੇਦ, 

ਫਿਰ ਕਿਤੇ ਇਕ ਕੂੰਜ ਕੁਰਲਾਂਦੀ ਮਿਲੀ।

ਜਿੰਦਗੀ ਦੀ ਜ਼ਰਦ ਰੂ ਦੋਪਹਿਰ ਤੇ, 

ਯਾਦ ਤੇਰੀ ਜ਼ੁਲਫ ਲਹਿਰਾਂਦੀ ਮਿਲੀ।

ਬੁੱਤ ਸੀ ਉਹ ਵੀ ਕਿਸੇ ਬੁੱਤ ਸ਼ਿਕਨ ਦਾ, 

ਭੀੜ ਜਿਸ ਤੇ ਫੁੱਲ ਬਰਸਾਂਦੀ ਮਿਲੀ।

ਵਾਲ ਖੋਲੇ ਰੋ ਰਹੀ ਸੀ ਮੌਤ ਜਦ, 

ਜ਼ਿੰਦਗੀ ਪਾਜੇਬ ਛਣਕਾਂਦੀ ਮਿਲੀ।

ਨਾਜ਼ ਬਰਦਾਰੀ ਕਿਸੇ ਦੀ ਕੀ ਕਹਾਂ, 

ਜ਼ਿੰਦਗੀ ਨੂੰ ਮੌਤ ਉਕਸਾਂਦੀ ਮਿਲੀ।

ਫਿਰ ਕਿਸੇ ਦੀ ਯਾਦ ਆਏ ਚੁਲਬਲੀ, 

ਵੇਲ ਰੁੱਖ ਨੂੰ ਨਾਗਵਲ ਪਾਂਦੀ ਮਿਲੀ।

ਚੀਰ ਕੇ ਪਰਬਤ ਕਿਨਾਰੇ ਤੋੜ ਕੇ, 

ਨਿੱਤ ਸਮੁੰਦਰ ਵੱਲ ਨਦੀ ਜਾਂਦੀ ਮਿਲੀ।

ਕੰਧ ਉਹਲੇ ਹੋਰ ਨੇ ਕੰਧਾਂ ਕਈ, 

ਰਾਤ ਕਿੰਨੇ ਭੇਦ ਸਮਝਾਂਦੀ ਮਿਲੀ।

📝 ਸੋਧ ਲਈ ਭੇਜੋ