ਗੁਮਨਾਮ ਦਿਨ ਆਏ

ਫਿਰ ਮੇਰੇ ਗੁਮਨਾਮ ਦਿਨ ਆਏ

ਬਹੁਤ ਹੀ ਬਦਨਾਮ ਦਿਨ ਆਏ

ਸਾਥ ਦੇਣਾ ਸੀ ਕੀ ਭਲਾ ਲੋਕਾਂ

ਕੰਡ ਅਪਣੇ ਹੀ ਦੇ ਗਏ ਸਾਏ

ਹਾਂ ਮੇਰਾ ਹੁਣ ਖ਼ੂਨ ਤਕ ਉਦਾਸਾ ਸੀ

ਹਾਂ ਮੇਰਾ ਹੁਣ ਮਾਸ ਤਕ ਉਦਾਸਾ ਸੀ

ਚੁਤਰਫ਼ੀ ਸੋਗਵਾਰ ਸੋਚਾਂ ਸਨ

ਜਾਂ ਯਾਰਾਂ ਦਾ ਜਲੀਲ ਹਾਸਾ ਸੀ

ਸਫ਼ਰ ਸੀ, ਰੇਤ ਸੀ, ਖ਼ਾਮੋਸ਼ੀ ਸੀ

ਜ਼ਲਾਲਤ, ਸਹਿਮ ਸੀ, ਨਮੋਸ਼ੀ ਸੀ

ਖ਼ਲਾਅ ਸੀ, ਉਫ਼ਕ ਸੀ ਤੇ ਸੂਰਜ ਸੀ

ਜਾਂ ਆਪਣੀ ਪੈੜ ਦੀ

ਜ਼ੰਜੀਰ ਦੇ ਬਿਨ ਕੁਝ ਵੀ ਨਾ ਸੀ

ਕਿ ਜਿਸ ਨੂੰ ਵੇਖਿਆਂ

ਮੱਥੇ 'ਚ ਪਾਲਾ ਉੱਗਦਾ ਸੀ

ਜ਼ਿੰਦਗੀ ਸੀ

ਕਿ ਗ਼ਮ ਦਾ ਬੋਝ ਲਈ

ਤਪੇ ਹੋਏ ਉਮਰ ਦੇ

ਮਾਰੂਥਲਾਂ 'ਚੋਂ ਲੰਘਦੀ ਸੀ

ਤੇ ਮੈਥੋਂ ਘੁੱਟ ਛਾਂ ਦਾ ਮੰਗਦੀ ਸੀ

ਪਰ ਮੇਰੀ ਨਜ਼ਰ ਵਿਚ

ਇਕ ਬੋਲ ਦਾ ਵੀ ਬਿਰਛ ਨਾ ਸੀ

ਮੈਂ ਆਪਣੇ ਕਤਲ 'ਤੇ

ਹੁਣ ਬਹੁਤ ਰੋਂਦਾ ਸਾਂ

ਸਰਾਪੀ ਚੁੱਪ ਦੇ

ਹੁਣ ਨਾਲ ਭੌਂਦਾ ਸਾਂ

ਤੇ ਮੂੰਹ ਢੱਕ ਕੇ

ਗ਼ਮਗੀਨ ਚਾਨਣੀਆਂ

ਵਿਛਾ ਕੇ ਰੇਤ ਖ਼ਿਆਲਾਂ 'ਚ

ਘੂਕ ਸੌਂਦਾ ਸਾਂ

ਮੈਂ ਚੁੱਪ ਦੇ ਸਫ਼ਰ ਵਿਚ ਇਹ ਵੇਖਿਆ

ਕਿ ਚੁੱਪ ਗਾਉਂਦੀ ਹੈ

ਚੁੱਪ ਰੋਂਦੀ ਹੈ, ਚੁੱਪ ਕਰਾਉਂਦੀ ਹੈ

ਤੇ ਚੁੱਪ ਨੂੰ ਬਹੁਤ ਸੋਹਣੀ

ਜ਼ਬਾਨ ਆਉਂਦੀ ਹੈ

ਮੈਂ ਥਲ ਦੇ ਰੇਤ ਤੋਂ

ਚੁੱਪ ਦੀ ਸਾਂ ਹੁਣ ਜ਼ਬਾਂ ਸਿਖਦਾ

ਗਵਾਚੀ ਚਾਨਣੀ ਨੂੰ

ਰੇਤ ਦੇ ਮੈਂ ਖ਼ੱਤ ਲਿਖਦਾਂ

📝 ਸੋਧ ਲਈ ਭੇਜੋ