ਗੁਨਾਹਗਾਰ

ਗੁੱਲ ਕਰ ਇਹ ਸ਼ਮਾਦਾਨ

ਆਇਆ ਹਾਂ ਤੇਰੇ ਘਰ ਤਾਂ ਕੀ

ਆਖ਼ਰ ਤਾਂ ਹਾਂ ਮੈਂ ਇਨਸਾਨ ।

ਸਾਰਾ ਦਿਨ ਸੂਰਜ ਨੂੰ ਮੈਂ ਤਕਦਾ ਰਿਹਾ

ਉਹ ਜਿਵੇਂ ਮਘਦਾ ਰਿਹਾ

ਮੇਰੇ ਤਨ ਦਾ ਅੰਗ ਅੰਗ

ਤਪਦਾ ਰਿਹਾ, ਮਘਦਾ ਰਿਹਾ ;

ਉਸ ਸਮੇਂ ਚਾਹੁੰਦਾ, ਤਾਂ ਆ ਸਕਦਾ ਸਾਂ ਮੈਂ ;

ਪਰ ਨਹੀਂ ਕਰਦਾ ਰਿਹਾ ਮੈਂ ਇੰਤਜ਼ਾਰ । 

ਹੁਣ ਬੁਝੀ ਸੂਰਜ ਦੀ ਲੋਅ, 

ਹੁਣ ਪਸਰਿਆ ਅੰਧਕਾਰ ; 

ਜਗਤ ਤੋਂ ਅੱਖੀਆਂ ਬਚਾ, 

ਮੈਂ ਆ ਗਿਆ ਹਾਂ ਤੇਰੇ ਦੁਆਰ।

ਕੌਣ ਹਾਂ ਤੇ ਕਿਸ ਲਈ ਆਇਆ ਹਾਂ ਮੈਂ ? 

ਕੁਝ ਨਾ ਵੇਖ, ਕੁਝ ਨ ਪੁਛ;

ਬੰਦ ਕਰ ਦੇ ਰੋਸ਼ਨੀ ;

ਤੇ ਬੰਦ ਰਖ ਅਪਣੀ ਜ਼ਬਾਨ

ਗੁੱਲ ਕਰ ਇਹ ਸ਼ਮਾਦਾਨ।

ਜਗ ਦਾ ਠੁਕਰਾਇਆ ਸਹੀ,

ਠੀਕ ਹੈ, ਮੇਰੀ ਵਫ਼ਾ ਦਾ ਮੁਲ ਕਿਸੇ ਪਾਇਆ ਨਹੀਂ; 

ਪਰ ਤੇਰੇ ਘਰ

ਮੈਂ ਢੂੰਡਣ ਵਫ਼ਾ ਆਇਆ ਨਹੀਂ;

ਨ ਮੈਂ ਆਇਆ ਤੈਨੂੰ ਕਹਿਣ ਦਰਦ ਅਪਣੇ ਦੀ ਕਥਾ ; 

ਮੇਰੀਆਂ ਅੱਖੀਆਂ ਦੇ ਵਿਚ ਸ਼ਿਕਵੇ ਨ ਪੜ੍ਹ, 

ਮੇਰੀਆਂ ਅੱਖੀਆਂ ਦੇ ਵਿਚ ਅੱਖੀਆਂ ਨ ਪਾ;

ਸਵਾਂਗ ਨਾਰੀ, ਇਸ ਤਰ੍ਹਾਂ ਹਉਕੇ ਨ ਭਰ, 

ਤੇਰੀ ਹਮਦਰਦੀ ਦੀ ਮੈਨੂੰ ਲੋੜ ਨਹੀਂ । 

ਇਹ ਮੁਲੰਮਾ-ਇਸ਼ਕ ਵਿਓਪਾਰੀ-ਅਦਾ 

ਤੇਰੀ ਮਜਬੂਰੀ ਨੇ ਇਹ

ਇਹ ਤੇ ਜਰ ਸਕਦਾ ਹਾਂ ਮੈਂ;

ਤੂੰ ਜੋ ਠੁਕਰਾਏਂ ਮੈਨੂੰ,

ਅਪਣੇ ਦਰਵਾਜ਼ੇ ਜੇ ਤੂੰ ਅੱਜ ਭੀੜ ਲਏਂ,

ਇਹ ਵੀ ਜਰ ਸਕਦਾ ਹਾਂ ਮੈਂ,

ਤੇਰੀ ਹਮਦਰਦੀ ਮੈਂ ਹਰਗਿਜ਼ ਮਾਫ਼ ਕਰ ਸਕਦਾ ਨਹੀਂ,

ਰਹਿਮ ਕਰ ਸਕਦਾ ਨਹੀਂ ;

ਸਵਾਂਗ ਨਾਰੀ, ਇਸ ਤਰ੍ਹਾਂ ਹੌਕੇ ਨ ਭਰ

ਮੈਂ ਨਹੀਂ ਕੋਈ ਅੰਞਾਣ

ਗੁੱਲ ਕਰ ਇਹ ਸ਼ਮਾਦਾਨ ।

ਇਸ ਤਰ੍ਹਾਂ ਨ ਅੰਗ ਮੋੜ,

ਏਦਾਂ ਸ਼ਰਮਾਉਂਦੀ ਨ ਜਾ, 

ਜਿਸ ਤਰ੍ਹਾਂ ਅਜ ਪਹਿਲੀ ਵੇਰ

ਤੇਰੇ ਜੋਬਨ ਤੇ ਪਈ ਮੇਰੀ ਨਿਗਾਹ ; 

ਮੈਂ ਬਹੁਤ ਹੁਸ਼ਿਆਰ ਹਾਂ;

ਮੈਂ ਬਹੁਤ ਵੇਖੇ ਨੇ ਨੈਣ, 

ਮੈਂ ਬਹੁਤ ਪਰਖੀ ਅਦਾ ; 

ਐਵੇਂ ਤੂੰ ਧੋਖਾ ਨ ਖਾ

ਤੇ ਆਪਣਾ ਹਾਸਾ ਨ ਉੜਾ, 

ਰਬ ਦੀ ਸਹੁੰ—

ਅਜ ਮੇਰਾ ਹੱਸਣ ਨੂੰ ਜੀ ਕਰਦਾ ਨਹੀਂ ; 

ਨੀ ਅੰਗ ਵੇਚਣ ਵਾਲੀਏ,

ਵਿਕਣਾ ਮਜਬੂਰੀ ਤੇਰੀ ਤੇ ਮੇਰੀ ਮਜਬੂਰੀ ਗੁਨਾਹ ; 

ਜਿਸ ਤਰ੍ਹਾਂ ਮਜਬੂਰ ਤੂੰ ਏਂ, ਉਸ ਤਰ੍ਹਾਂ ਮਜਬੂਰ ਮੈਂ, 

ਆਪਣੇ ਰੱਬ ਤੋਂ ਦੂਰ ਤੂੰ ਏਂ, ਅਪਣੇ ਰੱਬ ਤੋਂ ਦੂਰ ਮੈਂ, 

ਜ਼ਿੰਦਗੀ ਦਾ ਸਵਾਂਗ ਤੂੰ ਏਂ, ਜ਼ਿੰਦਗੀ ਦਾ ਸਵਾਂਗ ਮੈਂ, 

ਫੇਰ ਵੀ ਇਨਸਾਨ ਤੂੰ ਏਂ ਫੇਰ ਵੀ ਇਨਸਾਨ ਮੈਂ, 

ਨੀ ਅੰਗ ਵੇਚਣ ਵਾਲੀਏ,

ਆ ਵੇਚ ਦੇਈਏ ਅਪਣੇ ਅੰਗ,

ਪਰ ਵੇਚੀਏ ਨ ਅਪਣਾ ਮਾਣ, 

ਰਾਤ ਦੇ ਪਰਦੇ 'ਚ ਹੋਈਏ ਦਾਗ਼ਦਾਰ, 

ਇਕ ਦੂਜੇ ਨੂੰ ਨ ਪਰ ਸਕੀਏ ਸਿਞਾਣ । 

ਗੁਲ ਕਰ ਇਹ ਸ਼ਮਾਦਾਨ 

ਆਇਆ ਹਾਂ ਤੇਰੇ ਘਰ ਤਾਂ ਕੀ, 

ਆਖ਼ਰ ਤਾਂ ਹਾਂ ਇਨਸਾਨ।

📝 ਸੋਧ ਲਈ ਭੇਜੋ