ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ

ਅਕਲੋਂ ਹਾਂ ਕੋਰੇ ਅਣਜਾਨ ਦਾਤਿਆ....

ਮੇਹਰ ਕਰ ਭਰਦੇ ਸਿਰਾਂ 'ਚ ਅਕਲਾਂ॥

ਸ਼ਕਲੋਂ ਕਰੂਪ ਲੋਕਾਂ ਦੁਰਕਾਰਿਆ....

ਮੇਹਰ ਕਰ ਪੂਜਾ ਯੋਗ ਹੋਜੇ ਸ਼ਕਲਾਂ॥

ਤੇਰੇ ਘਰ ਘਾਟਾ ਨਹੀਓ ਕੋਈ ਮਾਲਕਾ....

ਕੰਗਲੇ ਨੂੰ ਤਖ਼ਤ ਬਿਠਾਉਣ ਵਾਲਿਆ॥

ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ....

ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥

ਨਿੱਤ ਹੀ ਵਜਾਵਾਂ ਵਾਜ਼ਾ ਤੇਰੇ ਨਾਮ ਦਾ....

ਉੰਝ ਭਾਵੇ ਮੈਨੂੰ ਸੁਰਾਂ ਦਾ ਗਿਆਨ ਨਾਂ॥

ਕਾਂਵਾਂ ਰੌਲੀ ਚੱਤੋ ਪੈਰ ਜੀਭਾ ਪਾਂਵਦੀ....

ਪਰ ਤੇਰੀ ਮਹਿਮਾਂ ਹੋਂਵਦੀ ਬਿਆਨ ਨਾਂ॥

ਗਰੀਬੜੇ ਤੇ ਪਾਓ ਸ੍ਰਿਸ਼ਟੀ ਪਿਆਰ ਦੀ....

ਖੋਟਿਆ ਤੋਂ ਖ਼ਰੇ ਤੂੰ ਬਣਾਉਣ ਵਾਲਿਆ॥

ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ....

ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥

ਮੈਂ ਤਾਂ ਇੱਕ ਦਾਤਾ ਛੋਟੀ ਜਿਹੀ ਛੱਪੜੀ....

ਸਮੁੰਦਰ ਹੋ ਤੁਸੀ ਜਿਸਦਾ ਕਿਨਾਰਾ ਨਾਂ॥

ਤੁਸੀ ਤਾਂ ਹੋ ਸਾਰੀ ਦੁਨੀਆਂ ਰਹਿਬਰ....

ਸਾਡਾ ਤੇਰੇ ਬਾਜ਼ੋ ਕੋਈ ਵੀ ਸਹਾਰਾ ਨਾਂ॥

ਪਕੜ ਤੂੰ ਬਾਂਹ ਆਣਕੇ ਗਰੀਬਾਂ ਦੀ....

ਡਿੱਗਿਆਂ ਨੂੰ ਫੜਕੇ ਉਠਾਉਣ ਵਾਲਿਆ॥

ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ....

ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥

ਹਿੰਮਤ ਬਖਸ਼ ਹਿੰਮਤਾਂ ਦੇ ਬਾਨੀਆਂ....

ਢੱਠਿਆਂ ਦਿਲਾਂ 'ਚ ਭਰਦੇ ਦਲੇਰੀਆਂ॥

ਨਾਮ ਦੇ ਦਿਮਾਗਾਂ ਚੋ" ਫੁੱਟਣ ਝਰਨੇ....

ਰੋਕ ਦੇ ਵਕਾਰਾਂ ਵਾਲੀਆਂ ਹਨੇਰੀਆਂ॥

ਸਾਡੇ ਉੱਤੇ ਕਰੋ ਨਜ਼ਰਾਂ ਸਵੱਲੀਆਂ....

ਭੁੱਲਿਆਂ ਨੂੰ ਰਸਤਾ ਵਿਖਾਉਣ ਵਾਲਿਆ॥

ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ....

ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥

ਦਿਲ ਵਿੱਚ ਰਹਿੰਦੀਆਂ ਤਰਾਨਾਂ ਛਿੜੀਆਂ....

ਹਰ ਵੇਲ਼ੇ ਭੁੱਖ ਰਹਿੰਦੀ ਤੇਰੇ ਪਿਆਰ ਦੀ॥

ਅੱਖੀਆਂ ਨੇ ਰਿਮ-ਝਿਮ ਲਾਈ ਸਾਜਨਾਂ....

ਚੱਤੋ ਪਹਿਰ ਦੀਦ ਰਹਿੰਦੀ ਦੀਦਾਰ ਦੀ॥

ਉੰਝ ਤਾਂ ਤੂੰ ਭਾਂਵੇ ਦਿਲਾਂ ਵਿੱਚ ਵੱਸਦਾ....

ਧੰਨੇ ਤਾਂਈ ਦਰਸ ਦਿਖਾਉਣ ਵਾਲਿਆ॥

ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ....

ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥

ਭਰੇ ਰੱਖੀਂ ਨਾਮ ਦੇ ਭੰਡਾਰੇ ਮਾਲਕਾ....

ਮੁੱਕੇ ਨਾਂ" ਭੰਡਾਰ ਅਸਾਂ ਦੀ ਦੁਕਾਨ ਚੋ"

ਰਸਨਾਂ ਤੇ ਦਇਆਵਾਨ ਦਇਆ ਕਰਨੀ....

ਕੌੜਾ ਨਾਂ' ਲਫਜ਼ ਨਿਕਲੇ ਜੁਬਾਨ ਚੋ"

ਅੰਗ ਸੰਗ ਰਹੀ ਚੇਤਿਆਂ ਵੱਸਿਆ....

ਚੇਤਿਆਂ 'ਚ ਚੱਤੋ ਪਹਿਰ ਆਉਣ ਵਾਲਿਆ॥

ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ....

ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥

ਲਿਖਣੇ ਦੀ ਦਾਤ ਝੋਲੀ ਵਿੱਚ ਪਾ ਦਿਓ....

ਕਲਮਾਂ ਦੇ ਧਨੀ ਤੁਸੀ ਸੱਚੇ ਪਾਤਿਸ਼ਾਹ॥

ਅੱਖਰ ਖਜ਼ਾਨਾ ਦਿਲ 'ਚ ਵਸਾ ਦਿਓ....

ਅੱਖਰਾਂ ਦੀ ਮਨੀ ਤੁਸੀ ਸੱਚੇ ਬਾਦਸ਼ਾਹ॥

ਬਖਸ਼ਦਾ ਰਹੀ "ਸੱਤੇ" ਨੂੰ ਤੂੰ ਅਕਲਾਂ....

'ਫਰੀਦਸਰਾਈਏ' ਤੋਂ ਲਿਖਾਉਣ ਵਾਲਿਆ॥

ਸਾਡੇ ਵੀ ਤੂੰ ਸਿਰ ਉੱਤੇ ਛੜੀ ਰੱਖਦੇ....

ਗੂੰਗਿਆਂ ਤੋਂ ਅਰਥ ਕਰਾਉਣ ਵਾਲਿਆ॥

📝 ਸੋਧ ਲਈ ਭੇਜੋ