ਗੱਲ, ਸੰਤਾਲੀ ਦੇ ਉਜਾੜੇ ਪਿੱਛੋਂ ਦੀ ਹੈ

ਸੰਧਿਆ ਉੱਤਰਦੀ

ਤਾਂ ਹੱਥ-ਮੂੰਹ ਧੋ,

ਪਿਤਾ ਜੀ ਰਹਿਰਾਸ ਦਾ ਪਾਠ

ਕਰਨ ਬਹਿ ਜਾਂਦੇ

ਸਾਨੂੰ ਆਖਦੇ

ਤੁਸੀਂ ਵੀ ਸੁਣੋ ਬੈਠ ਕੇ

ਮਜਬੂਰੀ ਵੱਸ

ਬੈਠ ਜਾਂਦੇ ਹੱਥ ਜੋੜ

ਅਸੀਂ ਵੀ

ਪਰ, ਧਿਆਨ ਇਕਾਗਰ ਨਾ ਹੁੰਦਾ

ਕਿਤੇ ਵੀ ਸਾਡਾ

ਦੇਰ ਬਾਅਦ

ਪਾਠ ਖਤਮ ਹੋਣ ਉੱਤੇ

ਡਰਦੇ ਡਰਦੇ

ਇੱਕ ਦਿਨ ਮੈਂ ਪੁੱਛਿਆ

''ਪਿਤਾ ਜੀ, ਇਹ ਗੁਰਮੁੱਖ ਕੌਣ ਹੁੰਦਾ ਹੈ?''

ਗੱਲ ਸੁਣ ਕੇ ਹੈਰਾਨ ਹੋਏ ਉਹ

ਤੇ ਮੇਰੇ ਮੂੰਹ ਵੱਲ

ਗਹੁ ਨਾਲ ਵੇਖਣ ਲੱਗੇ,

ਮੈਨੂੰ ਲੱਗਾ ਮੈਂ ਕੋਈ

ਪੁੱਠਾ-ਸਿੱਧਾ

ਪੁੱਛ ਲਿਆ ਹੋਣਾ ਸਵਾਲ!

ਕੁਝ ਪਲ ਸੋਚ ਕੇ ਆਖਣ ਲੱਗੇ

''ਦੱਸਾਂਗੇ ਕਿਸੇ ਵੇਲੇ

ਤੇਰੇ ਸਵਾਲ ਦਾ ਜਵਾਬ ।''

ਉੱਤਰ ਸੁਣ ਕੇ ਚੁੱਪ ਕਰ ਗਿਆ ਮੈਂ

ਪਰ ਇਕ ਦਿਨ ਫਿਰ ਪੁੱਛਿਆ

ਉਹੀ ਸਵਾਲ

ਕਹਿਣ ਲੱਗੇ-

''ਪਾਰ-ਦਰਸ਼ੀ ਹੁੰਦਾ ਹੈ ਗੁਰਮੁੱਖ

ਅੰਦਰੋਂ ਬਾਹਰੋਂ

ਸੱਚਾ-ਸੁੱਚਾ

ਝੂਠ ਤੇ ਫਰੇਬਾਂ ਤੋਂ ਕੋਹਾਂ ਦੂਰ

ਪਰ ਹੁੰਦਾ ਵਿਰਲਾ-ਟਾਵਾਂ ਹੈ

ਹਜ਼ਾਰਾਂ-ਲੱਖਾਂ ਵਿੱਚੋਂ ਕੋਈ ਇੱਕ ।''

ਇੰਝ ਸੋਚਦੇ ਸੋਚਦੇ

ਲੰਘ ਗਏ ਕਈ ਸਾਲ

ਤੇ ਫਿਰ ਅਚਾਨਕ ਇੱਕ 'ਗੁਰਮੁੱਖ' ਦੇ

ਦਰਸ਼ਣ ਹੋ ਗਏ ਮੈਨੂੰ

ਉਹ ਜਦੋਂ ਵੀ ਘਰ ਆਉਂਦਾ

ਉਸ ਦੇ ਇੱਕ ਮੋਢੇ ਤੇ

ਗਾਤਰਾ ਲਟਕਦਾ ਹੁੰਦਾ

ਤੇ ਦੂਸਰੇ ਉੱਤੇ ਬੱਤੀ ਬੋਰ ਦਾ ਰੀਵਾਲਵਰ

ਆਉਣ ਸਾਰ ਆਖਦਾ

''ਕੱਢੋ ਕੋਈ ਰੱਖੀ-ਰਖਾਈ'' ਜੜੀ ਬੂਟੀ

ਕੋਈ ''ਦਵਾ-ਦਾਰੂ''

ਗੁਰਮੁਖ ਆਏ ਨੇ

ਸੁਣ ਕੇ ਮੈਂ ਉਸ ਦੇ ਮੂੰਹ ਵੱਲ ਵੇਖਦਾ

ਹੈਰਾਨ ਹੁੰਦਾ

ਤੇ ਜੀਭ ਨੂੰ ਦੰਦਾਂ ਹੇਠ ਲੈ ਟੁੱਕਦਾ

ਹੌਲੀ ਹੌਲੀ ਸਾਨੂੰ

ਗੁਰਮੁੱਖ ਦੇ ਅਰਥ

ਸਪੱਸ਼ਟ ਹੋਣ ਲੱਗਦਾ

ਸੋਚਦਾ

ਪਾਖੰਡੀ ਤੇ ਗੁਰਮੁੱਖ ਵਿਚ

ਬਹੁਤ ਅੰਤਰ ਹੁੰਦਾ ਹੈ

ਦਿਨ ਤੇ ਰਾਤ ਜਿੰਨਾ

ਸੱਚ ਤੇ ਕੁਫ਼ਰ ਜਿੰਨਾ

ਹਰਿਆਵਲ ਤੇ ਸੋਕੇ ਜਿੰਨਾ!

ਤੇ ਉਹ ਬਣੇ-ਬਣਾਏ ਨਹੀਂ ਉਤਰਦੇ

ਧਰਤੀ ਉੱਤੇ

ਸਗੋਂ ਹੌਲੀ ਹੌਲੀ

ਆਪਣੇ ਕਰਤੱਵਾਂ ਨਾਲ

ਪ੍ਰਕਾਸ਼ਮਾਨ ਹੁੰਦੇ ਨੇ

📝 ਸੋਧ ਲਈ ਭੇਜੋ