ਗੁਰੂ ਚੇਲੇ ਦਾ ਨਾਤਾ ਸੀ ਬਹੁਤ ਚੰਗਾ,
ਬੜਾ ਮਿਲਦਾ ਸੀ ਮਾਣ ਸਤਿਕਾਰ ਮੀਆਂ ।
ਚੇਲੇ ਕਰਦੇ ਸੀ ਮਾਣ ਸਤਿਕਾਰ ਦਿਲੋਂ
ਜਾਂਦੇ ਗੁਰੂ ਵੀ ਸੀ ਬਲਿਹਾਰ ਮੀਆਂ।
ਵੇਲਾ ਬੀਤਿਆ ਤੇ ਦਿਨ ਬਦਲ ਗਏ,
ਰਿਹਾ ਨਾਤਿਆਂ ਦਾ ਨਾਂ ਭਾਰ ਮੀਆਂ।
ਭੂਏ ਚਾੜ੍ਹ ਤੇ ਮਾਪਿਆਂ ਬਾਲ ਸਾਰੇ,
ਅਜੀਬ ਹੋ ਗਿਆ ਏ ਦੁਲਾਰ ਮੀਆਂ।
ਘੂਰੀ ਸਹਿਣ ਨਾ ਹੁਣ ਜੁਆਕ ਭੋਰਾ
ਖ਼ਬਰ ਲਵਾਂਉਂਦੇ ਵਿੱਚ ਅਖ਼ਬਾਰ ਮੀਆਂ।
ਬਣ ਬੈਠੇ ਸਮਾਜ ਦੇ ਠੇਕੇਦਾਰ ਜਿਹੜੇ,
ਉਹੀ ਕਰਦੇ ਨੇ ਖੱਜਲ ਖ਼ੁਆਰ ਮੀਆਂ।
ਡਰੇ ਸਹਿਮੇ ਟੀਚਰ ਜਾ ਲੱਗਣ ਖੂੰਜੇ,
ਛਾਪਾਮਾਰਾਂ ਦੀ ਵੇਖਣ ਜੇ ਕਾਰ ਮੀਆਂ।
ਅੱਧ- ਪੜ੍ਹੇ ਅਨਪੜ੍ਹਾਂ ਦੀ ਫੌਜ ਤਿਆਰ ਹੋਈ,
ਲਾਏਗੀ ਦੇਸ਼ ਦਾ ਬੇੜਾ ਪਾਰ ਮੀਆਂ।
ਦਿਸ਼ਾਹੀਣ ਤਜ਼ਰਬਿਆਂ ਦੇ ਭਾਰ ਹੇਠਾਂ,
ਹੋਈ ਸਿੱਖਿਆ ਹੀ ਤਾਰ ਤਾਰ ਮੀਆਂ।
ਬੱਚੇ ਪਾਸ ਤੇ ਟੀਚਰ ਫ਼ੇਲ੍ਹ ਹੋ ਗਏ,
ਸ਼ਮੀ ਰੁਲ਼ ਗਿਆ ਵਿੱਚ ਬਾਜ਼ਾਰ ਮੀਆਂ।