ਗੁਰੂ ਦੀ ਬੇਅਦਬੀ ਕੋਈ ਨਹੀਂ ਕਰ ਸਕਦਾ-2

ਅਸੀਂ ਕਿੰਨਾ ਵਿਚਾਰਾ

ਅਤੇ ਲਾਚਾਰਾ ਬਣਾ ਦਿੱਤਾ ਹੈ

ਗੁਰੂ

ਕੋਈ ਵੀ ਜਿਸਦੀ ਬੇਅਦਬੀ ਕਰ ਸਕਦਾ ਹੈ

ਉਹ ਗੂਰੁ ਜਿਸਨੇ ਸਾਡੀ ਰਾਖੀ ਕਰਨੀ ਸੀ

ਉਸਦੀ ਰਾਖੀ ਸਾਨੂੰ ਕਰਨੀ ਪੈ ਰਹੀ ਹੈ

ਅਸੀਂ ਅਦਨਿਆਂ

ਗੁਰੂ ਨੂੰ ਵੀ ਆਪਣੀ ਸੋਚ ਦੇ ਮੇਚ ਦਾ

ਅਦਨਾ ਬਣਾ ਘੱਤਿਆ ਹੈ।

ਉਸ ਗੁਰੂ ਦੀ ਬੇਅਦਬੀ ਕੋਈ ਕਿਵੇਂ

ਕਰ ਸਕਦਾ ਹੈ

ਜਿਸਦੀ ਮਹਿਮਾ ਦਾ ਪਸਾਰਾ

‘ਲਖ ਅਗਾਸਾ ਆਗਾਸ '

‘ਲੱਖ ਪਾਤਾਲਾ ਪਾਤਾਲ’

ਤੱਕ ਹੈ

ਗਗਨ ਦੇ ਥਾਲ ਵਿੱਚ

ਚੰਦ ਸੂਰਜ ਤਾਰਿਆਂ ਨੂੰ

ਦੀਵਿਆਂ ਵਾਂਗ ਸਜਾ

ਸਗਲ ਕਾਇਨਾਤ ਜਿਸਦੀ

ਸਦੀਵੀ ਆਰਤੀ ਉਤਾਰਦੀ ਹੈ

ਅਨੰਤ ਬੇਅੰਤ ਫੁੱਲਾਂ ਦੀ ਮਹਿਕ

ਜਿਸ ਲਈ ਧੂਫ਼ ਧੁਖਾਉਂਦੀ ਹੈ

ਉਸ ਅਪਰਮਪਾਰ ਗੁਰੂ ਦੀ ਬੇਅਦਬੀ

ਕੋਈ ਆਮ ਇਨਸਾਨ ਕਿਵੇਂ ਕਰ ਸਕਦਾ ਹੈ ?

ਗੁਰੂ ਦਾ ਅਸਲ

ਪ੍ਰਕਾਸ਼

ਤੇ

ਸੁਖਾਸਣ

ਤਾਂ ਸਾਡੇ ਮੱਥਿਆਂ ਵਿੱਚ ਹੁੰਦਾ ਹੈ

ਐਸੇ ਗੁਰੂ ਦੀ ਬੇਅਦਬੀ ਕੋਈ ਕਿਵੇਂ ਕਰ ਸਕਦਾ ?

ਬੇਅਦਬੀਆਂ ਦਾ ਇਹ ਸਿਲਸਿਲਾ

ਮੰਦਰਾਂ ਵਿੱਚ ਗਾਂ ਦੀ ਪੂਛ

ਮਸਜਿਦਾਂ ਵਿੱਚ ਸੂਰ ਦਾ ਮਾਸ ਸੁੱਟਣ ਵਾਲ਼ੇ

 ਲੜੀਵਾਰ ਸੀਰੀਅਲ ਦੀ

ਅਗਲੀ ਕੜੀ ਤਾਂ ਹੋ ਸਕਦਾ ਹੈ

ਪਰ ਇਸਦਾ ਗੁਰੂ ਦੀ ਬੇਅਦਬੀ ਨਾਲ ਕੋਈ ਵਸਤਾਂ ਨਹੀਂ 

ਗੁਰੂ ਦੀ ਬੇਅਦਬੀ  ਕੋਈ ਵੀ 

ਕਦੇ ਵੀ ਕਰ ਹੀ ਨਹੀਂ  ਕਰ ਸਕਦਾ।

📝 ਸੋਧ ਲਈ ਭੇਜੋ