ਸੁੰਝੀਆਂ ਰਾਹਵਾਂ ਉਤੇ ਟੁਰਦੇ ਰਾਹੀ
ਭਟਕ ਰਹੇ ਸਨ
ਰਾਹ ਦੱਸਣ ਨੂੰ ਅੰਬਰੋਂ ਕੋਈ ਨਾ ਲੱਥਾ
ਲੇਖਾਂ ਸੜਿਆ ਮੱਥਾ
ਪਿੱਟ ਪਿੱਟ ਮੋਈਆਂ
ਰੱਬੀ ਨੂਰ ਦਾ ਬਾਗ਼ ਕਿਤੇ ਨਾ ਖਿੜਿਆ
ਅੰਬਰਾਂ ਤੇ ਰੌਲ਼ਾ ਮਚਿਆ
ਸਾਡੇ ਚਾਨਣ ਬਾਝੋਂ
ਧਰਤੀ ਸੁੰਝ ਮਸੁੰਝੀ
ਸਾਡੀ ਰਹਿਮਤ ਬਾਝੋਂ
ਪਿਆਰ ਦੇ ਸਾਰੇ ਬੂਟੇ ਸੁੱਕੇ ਜਾਣੇ।
ਸੁੰਝੀਆਂ ਰਾਹਵਾਂ ਉਤੇ
ਟੁਰਦੇ ਰਾਹੀ
ਭਟਕ ਰਹੇ ਨੇਂ
ਅੰਬਰਾਂ ਦੀ ਗੱਲ ਸਾਨੂੰ ਮੰਦੀ ਲੱਗੀ
ਜਿਸ ਨੂੰ ਪਿਆਰ ਤੇ ਚਾਨਣ ਦੇ ਫੁੱਲ ਸਾਥੋਂ ਅੱਗੇ
ਉਹ ਸਾਡਾ ਕੀ ਲੱਗੇ
ਜਿਸਦੇ ਨਰਕ ਸਵਰਗ ਵੀ ਖੁੱਲ੍ਹੀ ਸੌਦੇਬਾਜ਼ੀ
ਇਕ ਦਿਨ ਅੰਬਰਾਂ ਦਾ ਇਹ ਹਾਸਾ
ਸਾਡੀ ਧਰਤੀ ਮਾਂ ਦੇ ਕੰਨੀਂ ਵੱਜਿਆ
ਮੇਰੇ ਪੰਜ ਦਰਿਆ,
ਪੰਜ ਨੈਣ ਨੀ ਮੇਰੇ
ਮੇਰੇ ਬੱਚਿਆਂ ਨੂੰ
ਚਾਨਣ ਦੀ ਥੋੜ ਨਾ ਕੋਈ
ਜਿਸ ਮਿੱਟੀ ਨੂੰ
ਅੰਬਰੀ ਧੂੜ ਦੀ ਲੋੜ ਨਾ ਕੋਈ
ਨਰਕ ਸੁਵਰਗ ਦੇ ਝੇੜੇ ਕਿਹੜਾ ਪਾਲੇ
ਪਿਆਰ ਦਾ ਸੱਚਾ ਸੌਦਾ ਸਭ ਤੋਂ ਚੰਗਾ
ਅੰਬਰਾਂ ਦੇ ਭੀੜੇ ਬੂਹੇ ਨੂੰ ਕਿਹੜਾ ਛੋਹੇ
ਦਿਲ ਦਾ ਖੁੱਲ੍ਹਾ ਡੁੱਲ੍ਹਾ ਬੂਹਾ
ਸਭ ਤੋਂ ਚੰਗਾ
ਦੁਖੀਆ ਸਭ ਸੰਸਾਰ,
ਦੀ ਰਾਹੇ ਪੈ ਕੇ
ਦੁੱਖ ਦੇ ਕੰਡੇ ਚੁਣੀਏ
ਓੜਕ ਸੱਚ ਰਹੇ,
ਦੀ ਸਾਂਝੀ ਵੰਝਲੀ
ਇਕ ਦੂਜੇ ਤੋਂ ਸੁਣੀਏ
ਰਾਣੀ ਮਾਂ ਦੀ ਪਾਟੀ ਹਿੱਕੜੀ
ਨਾਨਕ ਨਾਨਕ ਕੂਕ ਰਹੀ ਏ।