ਗੁਰੂ ਨੇ ਸਾਨੂੰ ਸਮਝਾਇਆ

ਗੁਰੂ ਨੇ ਸਾਨੂੰ ਸਮਝਾਇਆ ਹੈ ਬਣ ਕੇ ਹਿੰਦ ਦੀ ਚਾਦਰ

ਧਰਮ ਸਾਰੇ ਪਵਿੱਤਰ ਨੇ ਕਰੋ ਹਰ ਧਰਮ ਦਾ ਆਦਰ

ਕੋਈ ਆਪਣੇ ਧਰਮ ਦੀ ਪਰ ਕਿਸੇ ਨੂੰ ਧੌਂਸ ਨਾ ਦੇਵੇ 

ਜ਼ਬਰ ਦੇ ਆਸਰੇ ਇਹ ਦੂਜਿਆਂ 'ਤੇ ਠੌਂਸ ਨਾ ਦੇਵੇ 

ਮੈਂ ਨਿੱਕੇ ਮੂੰਹ 'ਚੋਂ ਕੀ ਆਖਾਂ ਜਦੋਂ ਇਤਿਹਾਸ ਹੈ ਸਾਖੀ 

ਗੁਰੂ ਨੇ ਸੀਸ ਦੇ ਕੀਤੀ ਤਿਲਕ ਜੰਝੂ ਦੀ ਕਿੰਜ ਰਾਖੀ 

ਤਿਲਕ ਜੰਝੂ ਜੁੜੇ ਹੋਏ ਇਕ ਧਰਮ ਸੰਗ ਠੀਕ ਨੇ ਦੋਵੇਂ 

ਇਬਾਦਤ ਦੀ ਆਜ਼ਾਦੀ ਦੇ ਐਪਰ ਪ੍ਰਤੀਕ ਨੇ ਦੋਵੇਂ 

ਬਣੀ ਹੁੰਦੀ ਅਜਿਹੀ ਭੀੜ ਜੇ ਰੋਜ਼ੇ ਨਿਮਾਜ਼ ਉੱਤੇ 

ਜਾਂ ਲਗਦੀ ਰੋਕ ਕਿਧਰੇ ਵੀ ਅਜ਼ਾਨਾਂ ਦੀ ਆਵਾਜ਼ ਉੱਤੇ 

ਗੁਰੂ ਨੇ ਤਦ ਵੀ ਏਦਾਂ ਹੀ ਦੁਖੀ ਦੀ ਪੀੜ ਹਰਨੀ ਸੀ 

ਸੀ ਦੇਣਾ ਸੀਸ ਏਦਾਂ ਹੀ ਨਾ ਮੁੱਖ ਤੋਂ ਸੀ ਉਚਰਨੀ ਸੀ 

ਗੁਰੂ ਨੇ ਸਾਨੂੰ ਸਮਝਾਇਆ ਹੈ ਬਣ ਕੇ ਹਿੰਦ ਦੀ ਚਾਦਰ 

ਧਰਮ ਸਾਰੇ ਪਵਿੱਤਰ ਨੇ ਕਰੋ ਹਰ ਧਰਮ ਦਾ ਆਦਰ।

ਗੁਰੂ ਨੇ ਦੱਸਿਆ ਹੈ ਚੱਜ ਨਿਰਭੈ ਹੋ ਕੇ ਜੀਵਣ ਦਾ, 

ਭਲਾ ਸਰਬੱਤ ਦਾ ਮੰਗਦੇ ਸ਼ਹੀਦੀ ਜਾਮ ਪੀਵਣ ਦਾ, 

ਕਿਤੇ ਵੀ ਜਦ ਹੈ ਭਗਤੀ ਨਾਲ ਐਵੇਂ ਉਲਝਦੀ ਸ਼ਕਤੀ 

ਹੈ ਸ਼ਕਤੀ ਡਗਮਗਾ ਜਾਂਦੀ ਨਹੀਂ ਪਰ ਡੋਲਦੀ ਭਗਤੀ 

ਬਥੇਰੇ ਅੱਤਿਆਚਾਰਾਂ ਸੁਭਾਅ ਅਜ਼ਮਾ ਕੇ ਤੱਕਿਆ ਹੈ 

ਕਦੀ ਚਿਣਿਆ ਹੈ ਨੀਹਾਂ ਵਿਚ ਕਦੀ ਪਿੰਜਰੇ 'ਚ ਡੱਕਿਆ ਹੈ 

ਅਸੀਂ ਰੱਤ ਨਾਲ ਲਿਖੀ ਹੈ ਸਦਾ ਇਹ ਬਾਤ ਮਾਨਵ ਦੀ 

‘ਹੈ ਦੇਹੁਰਾ ਤੇ ਮਸੀਤ ਇਕੋ, ਹੈ ਇਕੋ ਜ਼ਾਤ ਮਾਨਵ ਦੀ।”

ਕੋਈ ਨਿਕਲ ਕੇ ਭੋਰੇ 'ਚੋਂ ਜੇ ਮਕਤਲ ਤੀਕ ਜਾਂਦਾ ਹੈ 

ਕਿਤੇ ਨਹੀਂ ਝਿਜਕਦਾ ਰਾਹ ਵਿਚ ਉਹ ਕਿੰਨਾ ਠੀਕ ਜਾਂਦਾ ਹੈ 

ਅਸੀਂ ਦੇਗੀਂ ਉਬਲਦੇ ਵੀ ਕਦੀ ਦਿਲਗੀਰ ਨਹੀਂ ਹੋਣਾ

ਤੇ ਤਿੱਖੇ ਆਰਿਆਂ ਤੋਂ ਸਿਦਕ ਸਾਡਾ ਚੀਰ ਨਹੀਂ ਹੋਣਾ 

ਗੁਰੂ ਨੇ ਦੱਸਿਆ ਹੈ ਚੱਜ ਨਿਰਭੈ ਹੋ ਕੇ ਜੀਵਣ ਦਾ 

ਭਲਾ ਸਰਬੱਤ ਦਾ ਮੰਗਦੇ ਸ਼ਹੀਦੀ ਜਾਮ ਪੀਵਣ ਦਾ 

ਅਸੀਂ ਹਾਂ ਹਿੰਦ ਸਾਰੀ ਦੇ ਇਹ ਸਾਰੀ ਹਿੰਦ ਸਾਡੀ ਹੈ 

ਅਸੀਂ ਜਿਊਂਦੇ ਹਾਂ ਇਸ ਖ਼ਾਤਰ ਇਹੋ ਹੀ ਜਿੰਦ ਸਾਡੀ ਹੈ।

ਸੁਰਖਰੂ ਹੋਵਣ ਲਈ ਬੜਾ ਉਸ ਝਾਗਿਆ ਪੈਂਡਾ 

ਉਹਦੇ ਕਦਮਾਂ ਦੀ ਲੋ ਲੱਗੀ ਤਾਂ ਨੀਂਦੋ ਜਾਗਿਆ ਪੈਂਡਾ 

ਉਹਦੇ ਚਰਨਾਂ ਦੀ ਛੋਹ ਪੱਸਰੀ ਬਕਾਲੇ ਤੋਂ ਗੁਹਾਟੀ ਤੱਕ 

ਹੈ ਪਹੁੰਚੀ ਬਾਤ ਭੋਰੇ ਦੀ ਕਿਤੇ ਪਰਬਤ ਦੀ ਘਾਟੀ ਤੱਕ।

ਗਯਾ ਮਥੁਰਾ ਬਨਾਰਸ ਨੇ ਉਹਦਾ ਦੀਦਾਰ ਕੀਤਾ ਸੀ 

ਇਲਾਹਾਬਾਦ ਤਿਰਵੈਣੀ ਨੂੰ ਉਸ ਨੇ ਪਿਆਰ ਕੀਤਾ ਸੀ 

ਗਿਆ ਜਦ ਆਗਰੇ ਵੱਲ ਨੂੰ ਉਹ ਸੈਫਾਬਾਦ ਥਾਣੀ ਸੀ 

ਤਾਂ ਸੈਫ਼ੂਦੀਨ ਨੇ ਸੂਰਜ ਦੀ ਨਿੱਘੀ ਧੁੱਪ ਮਾਣੀ ਸੀ 

ਕਿਸੇ ਕਸ਼ਮੀਰ ਦੇ ਪਿੰਡੇ ਕੋਈ ਨਸ਼ਤਰ ਚੁਭੋਈ ਹੈ 

ਤਾਂ ਇਹ ਦਿਲ ਵਿਚ ਅਨੰਦਪੁਰ ਦੇ ਬਹੁਤ ਮਹਿਸੂਸ ਹੋਈ ਹੈ।

ਅਸੀਂ ਹਾਂ ਹਿੰਦ ਸਾਰੀ ਦੇ ਇਹ ਸਾਰੀ ਹਿੰਦ ਸਾਡੀ ਹੈ 

ਅਸੀਂ ਜਿਊਂਦੇ ਹਾਂ ਇਸ ਖ਼ਾਤਰ ਇਹੋ ਹੀ ਜਿੰਦ ਸਾਡੀ ਹੈ। 

ਗੁਰੂ ਨੇ ਸਾਨੂੰ ਸਮਝਾਇਆ...

📝 ਸੋਧ ਲਈ ਭੇਜੋ