ਗੁਜ਼ਰੀ ਉਮਰ ਨਾ ਖਾ ਖਾ ਰੱਜਿਆ

ਗੁਜ਼ਰੀ ਉਮਰ ਨਾ ਖਾ ਖਾ ਰੱਜਿਆ ਵਾਂਗ ਗੰਡੋਇਆਂ ਮਿੱਟੀ

ਖ਼ਬਰੈ ਸਭ ਸਿਆਪੇ ਮੁੱਕਣ ਓੜਕ ਹੋਇਆਂ ਮਿੱਟੀ

ਪਵੇ ਜੇ ਪੱਥਰ ਉੱਤੇ ਪਾਣੀ ਪੱਥਰ ਵੀ ਖੁਰ ਜਾਂਦਾ,

ਕਿਹੜੀ ਮਿੱਟੀ ਅੱਖ ਨੂੰ ਲੱਗੀ, ਖੁਰੀ ਨਾ ਰੋਇਆਂ ਮਿੱਟੀ

ਮੇਰੇ ਜੀਵਨ ਦੀ ਮਾਲਾ ਦਾ ਮਣਕਾ ਮਣਕਾ ਕੱਚਾ,

ਹੌਲੀ ਹੌਲੀ ਹੋ ਜਾਣਾ ਦਰਦ ਪਰੋਇਆਂ ਮਿੱਟੀ

ਸੁੱਕੀ ਢੀਮ ਹਿਆਤੀ ਦੇ ਦਰਿਆ ਵਿਚ ਗੋਤੇ ਖਾਵੇ,

ਔਖੇ ਸਾਹ ਲੈਂਦੀ ਪਾਣੀ ਵਿੱਚ ਡਬੋਇਆਂ ਮਿੱਟੀ

ਕਣਕ, ਕਮਾਦ, ਜਵਾਰ ਕਪਾਹਵਾਂ ਮੂੰਜੀ, ਮੋਠ ਤੇ ਮੇਥੇ,

ਹੋ ਜਾਣਾ ਬਰਸੀਨ ਛਟਾਲ਼ਾ, ਸੋਂਫ਼ ਤੇ ਸੋਇਆਂ ਮਿੱਟੀ

ਆਦਮ ਦਾ ਬੁੱਤ ਬਣਦੇ ਸਾਰ ਨੂਰੀ ਬੋਲ ਪਏ ਸਨ,

'ਅਨਵਰ' ਸਾਡੀ ਫੇਰ ਦਿਸੀ ਅਸਲੀਅਤ ਢੋਇਆਂ ਮਿੱਟੀ

📝 ਸੋਧ ਲਈ ਭੇਜੋ