ਤੇਰੀ ਗਲੀ ਵਣਜਾਰੇ ਆਏ
ਅਪਣਾ ਚਾਨਣ ਟੋਲਦੇ
ਸਾਨੂੰ ਤਾਂ ਸਭ ਦੇਸ ਬਿਗਾਨੇ
ਕੋਈ ਨ ਆਪਣੇ ਕੋਲ ਦੇ
ਕਾਲੀ ਰਾਤ ਵਿਚ ਰਸਤੇ ਸੁੱਤੇ
ਮੂੰਹੋਂ ਕੁਝ ਨਹੀਂ ਬੋਲਦੇ
ਅੰਬਰ ਠੰਡੇ ਧਰਤੀ ਤੱਤੀ
ਮੌਸਮ ਰੋਲ ਘਚੋਲ ਦੇ
ਏਸ ਸੁਆਹ ਵਿਚ ਇਹ ਵਣਜਾਰੇ
ਚਿਣਗਾਂ ਪਏ ਫਰੋਲਦੇ
ਹੈ ਕੋਈ ਐਸੀ ਚਾਨਣ ਵਾਲੀ
ਜੋ ਆਪਣੇ ਬੂਹੇ ਖੋਲ੍ਹ ਦੇ
ਜਿਸ ਚਾਨਣ ਨੂੰ ਜੰਦਰੇ ਲੱਗੇ
ਉਸ ਨੂੰ ਅਸੀਂ ਨਾ ਗੌਲਦੇ
ਜੋ ਚਾਨਣ ਮਿੱਟੀ ਨੂੰ ਚੁੰਮੇ
ਉਸ ਤੇ ਜਿੰਦੜੇ ਘੋਲਦੇ