ਹਾਂ ਮੈਂ ਔਰਤ ਹਾਂ
ਮੈਂ ਖ਼ੁਦਮੁਖਤਿਆਰ ਹਾਂ
ਮੈਂ ਆਪਣੀ ਸੋਚ ਰੱਖਦੀ ਹਾਂ
ਮੈਂ ਆਪਣੇ ਤਰੀਕੇ ਨਾਲ ਜਿਊਣਾ ਚਾਹੁੰਦੀ ਹਾਂ
ਮੈਂ ਕਿਸੇ ਵੀ ਗਲਤ ਗੱਲ ਲਈ ਕਦੀ ਨਹੀਂ ਝੁਕਾਂਗੀ
ਜੋ ਮੇਰਾ ਮਨ ਨਾ ਮੰਨੇ ਮੈਂ ਨਹੀਂ ਕਰਾਂਗੀ
ਇਹ ਵੀ ਸੱਚ ਹੈ
ਮੈਂ ਤੈਨੂੰ ਪਿਆਰ ਕਰਦੀ ਹਾਂ
ਤੂੰ ਮੇਰੀ ਜ਼ਿੰਦਗੀ ਦਾ ਧੁਰਾ ਹੈ
ਮੈਂ ਤੇਰੇ ਲਈ ਆਪਣੇ ਵਿੱਚ ਅਨੇਕਾਂ ਬਦਲਾਅ ਕਰ ਸਕਦੀ ਹਾਂ
ਤੇਰੇ ਲਈ ਹਰ ਉਹ ਕੰਮ ਕਰਾਂਗੀ ਜੋ ਤੈਨੂੰ
ਪਸੰਦ ਹੋਵੇ
ਤੈਨੂੰ ਖੁਸ਼ ਰੱਖਣ ਦਾ ਹਰ ਯਤਨ ਕਰਾਂਗੀ
ਪਰ ਯਾਦ ਰੱਖੀਂ
ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕਰਾਂਗੀ
ਸਵੈਮਾਣ ਮੈਨੂੰ ਤੇਰੇ ਤੋਂ ਵੱਧ ਪਿਆਰਾ ਹੈ
ਪਿਆਰ ਕਰਦੀ ਹਾਂ
ਗੁਲਾਮੀ ਨਹੀਂ
ਜੇ ਤੂੰ ਮੈਨੂੰ ਵਸਤ ਸਮਝੇਗਾ
ਆਪਣੇ ਅਧੀਨ ਸਮਝੇਗਾ
ਮੈਂ ਤੈਥੋਂ ਦੂਰ ਹੋ ਜਾਵਾਂਗੀ
ਸ਼ਰਤਾਂ ਤੇ ਪਿਆਰ ਮੈਨੂੰ ਮਨਜ਼ੂਰ ਨਹੀਂ
ਜੇ ਮੈਨੂੰ ਪਿਆਰ ਕਰਦਾ ਹੈ
ਤਾਂ ਮੈਨੂੰ ਆਪਣਾ
ਜਿਵੇਂ ਦੀ ਮੈਂ ਹਾਂ
ਉਸੇ ਤਰ੍ਹਾਂ ਮੈਨੂੰ ਮਨਜ਼ੂਰ ਕਰ
ਮੈਨੂੰ ਬਦਲਣ ਦੀ ਕੋਸ਼ਿਸ਼ ਨਾ ਕਰ
ਕਿਸੇ ਸਾਂਚੇ ਵਿੱਚ ਢਾਲ
ਮੈਂ ਕੱਚੀ ਮਿੱਟੀ ਨਹੀਂ ਹਾਂ
ਮੈਂ ਫੌਲਾਦ ਹਾਂ
ਮਿੱਟੀ ਨਾਲ ਤਾਂ ਹਰ ਕੋਈ ਖੇਡ ਲੈਂਦਾ ਹੈ
ਚੱਲ ਸੁਫਨਿਆਂ ਦੀ ਦੁਨੀਆਂ ਬਣਾਈਏ
ਜਿਸ ਵਿੱਚ ਤੂੰ ਤੇ ਮੈਂ ਬਰਾਬਰ ਦੇ ਭਾਗੀਦਾਰ ਹੋਈਏ
ਇੱਛਾਵਾਂ ਤੇ ਸੱਧਰਾਂ ਮੇਰੀਆਂ ਵੀ ਹਨ
ਆ ਰਲ ਮਿਲ ਕੇ ਇਕ ਹੋ ਜਾਈਏ