ਹਾਦਸਾ ਦਰ ਹਾਦਸਾ ਦਰ ਹਾਦਸਾ ਹੁੰਦਾ ਗਿਆ ।
ਇੰਜ ਹੀ ਪੀੜਾਂ ਦਾ ਲੰਬਾ ਸਿਲਸਿਲਾ ਹੁੰਦਾ ਗਿਆ ।
ਉਹ ਬੁਰਾ ਕਰਦਾ ਗਿਆ, ਮੇਰਾ ਭਲਾ ਹੁੰਦਾ ਗਿਆ ।
ਇਸ ਤਰਾਂ ਬਸ ਦੋਸਤੀ ਦਾ ਹੱਕ ਅਦਾ ਹੁੰਦਾ ਗਿਆ।
ਦੂਰ ਹਾਂ ਪਰ ਫੇਰ ਵੀ ਸਾਡਾ ਕੋਈ ਰਿਸ਼ਤਾ ਤੇ ਹੈ
ਉਹ ਸਿਤਾਰਾ ਬਣ ਗਿਆ ਤੇ ਮੈਂ ਖ਼ਲਾਅ ਹੁੰਦਾ ਗਿਆ ।
ਹੌਲੀ ਹੌਲੀ ਕਰ ਗਈ ਕੰਮ ਵਕਤ ਦੀ ਸਾਜਿਸ਼ ਹਜ਼ੂਰ
ਹੌਲੀ ਹੌਲੀ ਮਾਸ ਨਹੁੰਆਂ ਤੋਂ ਜੁਦਾ ਹੁੰਦਾ ਗਿਆ ।
ਉਹ ਜਦੋਂ ਮਿਲਿਆ ਸੀ ਭੋਲਾ ਸੀ, ਬੜਾ ਮਾਸੂਮ ਸੀ
ਵੇਖ ਕੇ ਦੁਨੀਆਂ ਨੂੰ ਉਹ ਦੁਨੀਆਂ ਜਿਹਾ ਹੁੰਦਾ ਗਿਆ।