ਗੀਤ ਦਾ ਤੁਰਦਾ ਕਾਫ਼ਲਾ

ਮੁੜ ਹੋ ਗਿਆ ਬੇਆਸਰਾ

ਮੱਥੇ 'ਤੇ ਹੋਣੀ ਲਿਖ ਗਈ

ਇਕ ਖ਼ੂਬਸੂਰਤ ਹਾਦਸਾ ।

ਇਕ ਨਾਗ ਚਿੱਟੇ ਦਿਵਸ ਦਾ

ਇਕ ਨਾਗ ਕਾਲੀ ਰਾਤ ਦਾ

ਇਕ ਵਰਕ ਨੀਲਾ ਕਰ ਗਏ

ਕਿਸੇ ਗੀਤ ਦੇ ਇਤਿਹਾਸ ਦਾ ।

ਸ਼ਬਦਾਂ ਦੇ ਕਾਲੇ ਥਲਾਂ ਵਿਚ

ਮੇਰਾ ਗੀਤ ਸੀ ਜਦ ਮਰ ਰਿਹਾ

ਉਹ ਗੀਤ ਤੇਰੀ ਪੈੜ ਨੂੰ

ਮੁੜ ਮੁੜ ਪਿਆ ਸੀ ਝਾਕਦਾ ।

ਅੰਬਰ ਦੀ ਥਾਲੀ ਤਿੜਕ ਗਈ

ਸੁਣ ਜ਼ਿਕਰ ਮੋਏ ਗੀਤ ਦਾ

ਧਰਤੀ ਦਾ ਛੰਨਾ ਕੰਬਿਆ

ਭਰਿਆ ਹੋਇਆ ਵਿਸ਼ਵਾਸ ਦਾ ।

ਜ਼ਖ਼ਮੀ ਹੈ ਪਿੰਡਾ ਸੋਚ ਦਾ

ਜ਼ਖ਼ਮੀ ਹੈ ਪਿੰਡਾ ਆਸ ਦਾ

ਅੱਜ ਫੇਰ ਮੇਰੇ ਗੀਤ ਲਈ

ਕਫ਼ਨ ਨਾ ਮੈਥੋਂ ਪਾਟਦਾ ।

ਅੱਜਫੇਰ ਹਰ ਇਕ ਸ਼ਬਦ ਦੇ

ਨੈਣਾਂ 'ਚ ਹੰਝੂ ਆ ਗਿਆ

ਧਰਤੀ ਤੇ ਕਰਜ਼ਾ ਚੜ੍ਹ ਗਿਆ

ਮੇਰੇ ਗੀਤ ਦੀ ਇਕ ਲਾਸ਼ ਦਾ ।

ਕਾਗ਼ਜ਼ ਦੀ ਨੰਗੀ ਕਬਰ 'ਤੇ

ਇਹ ਗੀਤ ਜੋ ਅੱਜ ਸੌਂ ਗਿਆ

ਇਹ ਗੀਤ ਸਾਰੇ ਜੱਗ ਨੂੰ

ਪਾਵੇ ਵਫ਼ਾ ਦਾ ਵਾਸਤਾ ।

📝 ਸੋਧ ਲਈ ਭੇਜੋ