(ਜਨਕ ਰਾਜ ਸਿੰਘ ਦੇ ਨਾਂ)
ਹਾਦਸੇ ਦੇ ਬਾਅਦ
ਬਹੁਤ ਸੁਖਾਵਾਂ ਲੱਗਦਾ
ਜਿਉਂਦੇ ਬਚ ਜਾਣ ਦਾ ਅਹਿਸਾਸ
ਸਹਿਣ ਯੋਗ ਹੀ ਹੁੰਦਾ
ਲਗੇ ਜ਼ਖਮਾਂ ਦਾ ਤਿੱਖਾ ਦਰਦ
ਕਿਣਮਿਣ ਵਾਂਗ ਵਰ੍ਹਨ ਲੱਗੀ
ਸੱਜਣਾਂ ਮਿੱਤਰਾਂ ਦੀ ਹਮਦਰਦੀ
ਹੋ ਜਾਏ ਬੇਹੱਦ ਤੀਬਰ
ਜ਼ਿੰਦਗੀ ਨਾਲ ਜੀਅ ਦਾ ਮੋਹ
ਜਾਪਦੇ ਨੇ ਹੋਰ ਗੂੜ੍ਹੇ
ਇਸ ਦੀ ਚਹਿਲ ਪਹਿਲ ਦੇ ਰੰਗ
ਲੱਗਣ ਲੱਗਦੇ ਫੇਰ ਚੰਗੇ
ਨਿਤਾਪ੍ਰਤੀ ਦੇ ਨਿੱਕ ਨਿੱਕੇ ਕੰਮ
ਹਾਦਸੇ ਦੇ ਬਾਅਦ
ਭੋਗਦਾ ਹੈ ਜਿਸਮ ਮਜਬੂਰੀ ਦਾ ਆਰਾਮ
ਪਰਤਣ ਲੱਗਦੇ ਸੱਟ ਖਾਧੇ ਅੰਗ
ਪਹਿਲਾਂ ਵਾਲੀ ਆਮ ਹਾਲਤ ਵਿਚ
ਜਿਸ ਨੂੰ ਅਸੀਂ ਅਕਸਰ
ਸਮਝਦੇ ਹੀ ਐਵੇਂ ਜਿਹੀ
ਬਹੁਤ ਕੀਮਤੀ ਮਹਿਸੂਸ ਹੁੰਦੀ
ਬਾਕੀ ਬਚ ਗਈ ਉਮਰ
ਜੀ ਸਕਣਾ, ਹੋਰ ਜੀ ਸਕਣਾ
ਧਰਤੀ ਦੀ ਸਭ ਤੋਂ ਵੱਡੀ ਨਿਆਮਤ