ਹਾਕਮ, ਕਾਤਲ, ਮੁਖਬਰ, ਫੌਜਾਂ

ਹਾਕਮ, ਕਾਤਲ, ਮੁਖਬਰ, ਫੌਜਾਂ, ਵੈਰੀ ਰਲ ਗੇ ਸਾਰੇ । 

ਕੰਠ ਕਰਾਇਉ ਪੁੱਤਾਂ ਨੂੰ , ਬਹਿ ਤਿੰਨੇ ਘੱਲੂਘਾਰੇ ।

ਟੈਲੀਵੀਜ਼ਨ ਅਖ਼ਬਾਰਾਂ ਨੇ ਕਾਤਲ 'ਦੇਵ' ਕਰੇ ਸੀ, 

ਦੇਵਤਿਆਂ ਦੇ ਵਰਗੇ ਲੋਕਾਂ ਨੂੰ ਆਖਣ ਹਤਿਆਰੇ ।

ਕਿਸ ਨੇ ਪੁੱਤਾਂ ਵਾਂਗੂ ਪਾਲ ਕੇ ਬੂਟੇ ਰੁੱਖ ਕਰੇ ਸੀ,

ਕਿਹੜੇ ਲੋਕੀ ਜੰਗਲ ਦੇ ਵਿਚ ਲੈ ਕੇ ਆਏ ਆਰੇ ।

ਕਿਸਨੇ ਕੁੱਲ ਗਰੰਥ ਕਿਤਾਬਾਂ, ਅੱਗ ਹਵਾਲੇ ਕਰੀਆਂ,

ਕਿਸਨੇ ਕਿੱਥੇ ਕਿੱਥੇ ਕਿੱਦਾਂ ਮੱਚਦੇ ਸੀਨੇ ਠਾਰੇ ।

ਜਿਸ ਦਿਨ ਸਾਡੇ ਸਿਵਿਆਂ ਵਿੱਚੋਂ ਲਾਟ ਉਚੇਰੀ ਉੱਠੀ,

ਕਿਉਂ ਤੇਰੇ ਅਸਮਾਨਾਂ ਉੱਤੇ ਚੜਦੇ ਨੀਲੇ ਤਾਰੇ ।

ਦੇਖ ਸੁਨਹਿਰੀ ਅੱਖਰਾਂ ਦੇ ਵਿਚ ਨਾਮ ਲਿਖਾਈ ਬੈਠੈ,

ਜਿਸ ਨੇ ਬੀਤੇ ਸਮਿਆਂ ਦੇ ਵਿਚ ਕੀਤੇ ਕਾਲ਼ੇ ਕਾਰੇ ।

ਮੇਰੀਆਂ ਗ਼ਜ਼ਲਾਂ ਦੇ ਵਿੱਚ ਤੈਨੂੰ,ਕੌੜ ਕੁੜੱਤਣ ਦਿਸਦੀ,

ਤੇਰੇ ਜ਼ੁਲਮਾਂ ਨੇ ਕੀਤੇ, ਅਹਿਸਾਸ ਦੇ ਸਾਗਰ ਖਾਰੇ ।

ਤੈਨੂੰ ਉੱਚੇ ਤਖ਼ਤ ਤੇ ਬੈਠੇ ਨੂੰ ਜੋ ਅੱਜ ਸੁਣੇ ਨਾ, 

ਇਕ ਦਿਨ ਤੇਰੇ ਕੰਨ ਪਾੜਨਗੇ, ਕੁੱਲੀਆਂ ਦੇ ਲਲਕਾਰੇ ।

📝 ਸੋਧ ਲਈ ਭੇਜੋ