ਤੀਰ ਅਵੱਲੀ ਨਜ਼ਰ ਦਾ, ਸੀਨੇ ਪਾਵੇ ਛੇਕ ।

ਇਸ ਦੇ ਵਿੰਨ੍ਹੇ ਦਿਲਾਂ ਨੂੰ, ਦੇਖ ਸਕੇਂ ਤਾਂ ਦੇਖ ।

ਚੜ੍ਹਿਆ ਰਹੇ ਦਿਮਾਗ ਤੇ, ਨਿੱਤ ਨਵਾਂ ਹੀ ਝੱਲ ।

ਘੱਟ ਹੀ ਪੂਰੀ ਹੋਂਵਦੀ, ਝੱਲ ਵਲੱਲੀ ਗੱਲ ।

ਹੱਥ ਮਿਲਾਉਂਦੇ ਘੁੱਟ ਕੇ, ਵੱਖਰੇ ਭਾਵੇਂ ਰਾਹ ।

ਮਨ ਵਿੱਚ ਰਹਿੰਦੀ ਰਿੱਝਦੀ, ਆਪੋ ਆਪਣੀ ਚਾਹ ।

ਕੀ ਇਤਬਾਰ ਦਿਲਾਂ ਦਾ, ਕੀ ਯਾਰਾਂ ਦੇ ਢੰਗ ।

ਬਣ ਗਏ ਯਾਰ ਮਤੱਸਬੀ, ਲੁਕ ਚਲਾਉਂਦੇ ਡੰਗ ।

ਮੁੜ ਸਕਦੈ ਰੁਖ ਹਵਾ ਦਾ, ਲਏ ਜੇ ਬੰਦਾ ਠਾਣ ।

ਕਰਨੀ ਪਊ ਪਰ ਆਪਨੂੰ, ਆਪਣੀ ਆਪ ਪਛਾਣ ।

ਰਾਹ ਦੇ ਵਿੱਚ ਖਲੋਤਿਆਂ, ਕਦੇ ਨਾ ਮੁੱਕਦੇ ਪੰਧ

ਹਨ ਮੰਜ਼ਲਾਂ ਅੱਗੇ ਮੰਜ਼ਲਾਂ, ਰੱਖ ਹੌਸਲਾ ਛੇਤੀ ਲੰਘ ।

ਦਇਆ ਧਰਮ ਦਾ ਮੂਲ ਹੈ, ਦਸਿਆ ਸਭ ਨੇ ਆਣ ।

ਸੱਚੇ ਰਾਹ ਤੇ ਚਲ ਕੇ, ਮਿਲਦਾ ਪੂਰਾ ਮਾਣ ।

ਕਾਲ਼ੇ ਕਰਮ ਕਮਾ ਲਏ, ਸਿਰ ਪਾਪਾਂ ਦੀ ਪੰਡ । 

ਬੱਗਾ ਬਾਣਾ ਧਾਰ ਕੇ, ਝੁਕ ਝੁਕ ਕਰੇ ਪਖੰਡ ।

ਦੇਖੋ ਹਾਲ ਸਮੇਂ ਦਾ, ਰੁੱਤ ਨੇ ਬਦਲੀ ਤੋਰ ।

ਮਿਲ ਕੇ ਡਾਕੇ ਮਾਰਦੇ, ਨਾਲ ਪੁਲਿਸ ਤੇ ਚੋਰ ।

ਵਜਦਾ ਡਮਰੂ ਦੇਖ ਕੇ, ਆ ਜੁਟੇ ਜੋ  ਭੀੜ ।

ਖ਼ੂਬ ਤਮਾਸ਼ਾ ਮਾਣਦੀ, ਕੀ ਏ ਰਿੱਛ ਦੀ ਪੀੜ ? 

ਸਿਰ ਤੇ ਮੌਸਮ ਚੌਣਾਂ ਦਾ, ਲੀਡਰ ਬਦਲੇ ਰੰਗ ।

ਜਿਸ ਤੇ ਜਿਹੜਾ ਚੱਲ ਜੇ, ਉਹੋ ਮਾਰਦੇ ਡੰਗ ।

ਆਪੋ ਆਪਣੀ ਕੰਧ ਹੈ, ਆਪੋ ਆਪਣੀ ਛੱਤ ।

ਫ਼ਿਰ ਵੀ ਸਭ ਨੂੰ ਜਾਪਦੀ, ਸਰਵੋਤਮ ਆਪਣੀ ਮੱਤ ।

ਦਿਲ ਦੇ ਵਿਹੜੇ ਘੁੰਮਦੇ, ਰੰਗ ਬਰੰਗੇ ਖਿਆਲ ।

ਬਣ ਬੱਦਲ ਸਿਰ ਤੋਂ ਲੰਘੀਆਂ, ਰੁੱਤਾਂ ਕਈ ਕਮਾਲ ।

ਵਿੱਚ ਮਸ਼ੀਨਾਂ ਘਿਰ ਗਿਆ,ਕੈਸਾ ਆਇਆ ਯੁੱਗ ।

ਭੀੜ ਚ ਕੱਲਾ ਰਹਿ ਰਿਹਾ, ਪਿੰਡ ਵਸਦੇ ਨੇ ਘੁੱਗ ।

ਦੁਸ਼ਮਣ ਆਪਣਾ ਆਪ ਹੈ, ਹੋਰ ਸਕੇ ਨਾ ਮਾਰ । 

ਭਰਮ ਭੁਲੇਖੇ ਉਂਝ ਹੀ, ਢੋਵੇ ਬੰਦਾ ਭਾਰ । 

ਚਾਹ ਵਾਂਗੂੰ ਹੱਡੀਂ ਰਚੀ, ਅੱਜਕੱਲ੍ਹ ਫੇਸਬੁੱਕ ।

ਕਮੈਂਟ, ਲਾਈਕ, ਟੈਗ ਤੋਂ, ਪੋਕ ਤੇ ਜਾਵੇ ਮੁੱਕ ।

ਟੀ.ਵੀ ਟਾਲ਼ੀ ਜਾ ਰਿਹਾ, ਨਾਲ ਹਵਾਵਾਂ ਮੇਲ ।

ਆਪ ਬਣਾਈ ਬੰਦਿਆਂ, ਵੇਖੋ ਮਿੱਠੀ ਜੇਲ੍ਹ ।

ਪੀ. ਸੀ. ਵਿੱਚ ਹੈ ਭਰਿਆ, ਸਾਰਾ ਕੁੱਲ ਗਿਆਨ ।

ਫ਼ਿਰ ਵੀ ਕੁਝ ਨਾ ਲੱਭਦਾ, ਹਰ ਬੰਦਾ ਹੈਰਾਨ ।

ਰੋਕੇ ਰਾਹ ਦਰਿਆ ਦੇ, ਮਾਰ ਮਾਰ ਕੇ ਬੰਨ੍ਹ ।

ਰੱਬ ਦਾ ਸਾਨੀ ਆਖਦਾ, ਕੀਤੀ ਹੈ ਧਨ ਧੰਨ ।

ਕਵੀ ਨਾ ਕਿੱਸੇ ਲਿਖ ਰਹੇ, ਨਹੀਂ ਜੋੜਦੇ ਹੀਰ ।

ਤੁੱਕੇ ਜਿਹੇ ਖਿਲਾਰਦੇ, ਉਹੀ ਸਮਝਦੇ ਤੀਰ ।

ਦਿਨ ਦਿਹਾੜੇ ਲੁੱਟ ਰਹੇ, ਰਲੇ ਸਾਧ ਤੇ ਚੋਰ ।

ਜਿਸ ਦਾ ਜਿੱਥੇ ਚੱਲ ਜੇ, ਝੱਟ ਚਲਾਵੇ ਜੋਰ ।

ਝੂਠੇ ਨਾਤੇ ਜੱਗ ਦੇ, ਪੈਸਾ ਹੈ ਗੁਰ ਪੀਰ ।

ਜਿਸ ਡਾਲੀ ਤੇ ਬੈਠਦੇ, ਦੇਣ ਉਸੇ ਨੂੰ ਚੀਰ।

ਮਾਂ ਆਖਦੇ ਗਊ ਨੂੰ, ਨਾਲ਼ੇ ਮਾਰਦੇ ਲੱਤ ।

ਖ਼ੌਰੇ ਕੀ ਨੇ ਸੋਚਦੇ, ਕੈਸੀ ਹੈ ਇਹ ਮੱਤ ।

ਦੇਵੀ ਕੰਜਕ ਪੂਜਦੇ, ਨਾਲੇ ਧੋਂਦੇ ਪੈਰ ।

ਧੀ ਜੰਮੇ ਤਾਂ ਝੂਰਦੇ, ਕੁੱਖ ਚ ਕੱਢਣ ਵੈਰ ।

ਕੀ ਕੁਝ ਕਰਨਾ ਲੋਚਦੀ, ਨਿੱਕੀ ਜਿੰਨੀ ਜਾਨ ।

ਪਲ ਪਲ ਸਾਹ ਨੇ ਘਟਦੇ, ਮੁੱਕਦੇ ਜਾਣ ਪ੍ਰਾਣ ।

ਹਰ ਕੋਈ ਹੈ ਜਾਪਦਾ, ਇੱਕ ਤੋਂ ਚੜ੍ਹਦਾ ਚੰਦ ।

ਬੇੜਾ ਹੱਥੀਂ ਡੋਬਕੇ, ਕੱਢੀ ਜਾਂਦਾ ਦੰਦ । 

ਕੁੱਤਾ ਕਾਲ਼ਾ ਭਾਲ਼ ਕੇ, ਨਿੱਤ ਖਵਾਉਂਦੇ ਰੋਟ ।

ਕੱਚੇ ਪਿੱਲੇ ਟੋਟਕੇ, ਕਿਵੇਂ ਧੋਣਗੇ ਖੋਟ?

ਵਿਆਹ ਕਰਾ ਕੇ ਗੱਭਰੂ, ਰੋਂਦਾ ਝੂਰੋ ਝੂਰ ।

ਖ਼ੌਰੇ ਕਿਸ ਤੋਂ ਸੁਣ ਲਿਆ, ਹੈ ਲੱਡੂ ਮੋਤੀ ਚੂਰ ।

ਪ੍ਰੇਮ ਪੁਆੜੇ ਪਾ ਲਏ, ਰਾਂਝੇ ਬਣੇ ਫ਼ਕੀਰ ।

ਅੱਜ ਵੀ ਮੌਜਾਂ ਮਾਣਦੀ, ਡੋਲੀ ਚੜ੍ਹਕੇ ਹੀਰ ।

ਹੋਛੇ ਯਾਰ ਬਣਾ ਲਏ, ਕੀ ਫੋਲੀਏ ਦੁੱਖ?

ਸੱਚੇ ਦਿਲ ਦੀ ਭਾਲ਼ ਨੇ, ਖੋਹੇ ਸਾਰੇ  ਸੁੱਖ ।

ਹੱਥ ਮਿਲਾ ਕੇ ਦੋਸਤਾ, ਨਾਲ ਮਿਲਾਈਏ ਦਿਲ ।

ਆਪਣਾ ਇਹੋ ਤੌਰ ਹੈ, ਮਿਲ ਸਕੇਂ ਤਾਂ ਆ ਮਿਲ ।

ਖਿੱਲੀ ਕਿਸੇ ਗਰੀਬ ਦੀ, ਨਾ ਉਡਾਈਏ ਭੁੱਲ ।

ਪਤਾ ਨੀ ਰੱਬੀ ਕਹਿਰ ਦਾ, ਕਿਸ ਤੇ ਪੈਂਦਾ ਝੁੱਲ ।

ਵਿੱਚ ਸਰੋਵਰ ਤੈਰਦੇ, ਪਾਪੀ ਪੁੰਨੀ ਆਣ ।

ਲਿਖੇ ਕਰਮ ਨਾ ਮਿਟਦੇ, ਭਾਵੇਂ ਚੁੱਭੀ ਲਾਣ ।

ਨਾ ਸਾਰ ਦਿਲਾਂ ਦੀ ਜਾਣਦਾ, ਪਾਈ ਬੈਠਾ ਹੱਟ ।

ਯਾਰੀ ਐਸੇ ਯਾਰ ਦੀ, ਗਹਿਰੇ ਪਾਵੇ ਫ਼ੱਟ ।

ਕੌੜੇ ਬੋਲ ਕਬੋਲ ਨੇ, ਵੈਰੀ ਕੀਤਾ ਜੱਗ  ।

ਹਾਸੇ ਕਿੱਥੋਂ ਭਾਲ਼ਦਾ, ਬੰਦਾ ਲਾਈਲੱਗ ।

ਬੰਬ ਬੰਦੂਕਾਂ ਬੀਜਦੇ, ਸੌਂਦੇ ਭੁੱਖੇ ਪੇਟ ।

ਬਣੂ ਕੀ ਐਸੇ ਦੇਸ਼ ਦਾ, ਪੱਲੇ ਕੋਰੀ ਰੇਤ ।

ਚੋਰ ਠਗ ਹਟਵਾਣੀਏ, ਦੇਣ ਕਦੇ ਨਾ ਭੇਤ ।

ਸ਼ਾਹ ਨ ਜਾਣੇ ਜੱਟ ਨੇ, ਕਿਵੇਂ ਬੀਜਦੇ ਖੇਤ ।

ਦੇਖ ਗਿੜਦੇ ਹਲਟ ਨੂੰ, ਛਾਲਾਂ ਮਾਰੇ ਡੱਡ ।

ਵਿਛੜੇ ਪਾਣੀ ਖ਼ੂਹ ਤੋਂ, ਟਿੰਡਾਂ ਕੀਤਾ ਅੱਡ ।

ਮੰਤਰ ਵੱਡੇ ਰਟ ਲਏ, ਕੀਤਾ ਨਾ ਵੀਚਾਰ ।

ਖਾਲੀ ਭਾਂਡੇ ਖੜਕਦੇ, ਕਰਮਾਂ ਦੀ ਟੁਣਕਾਰ ।

ਉੱਚੀ ਸੰਘੇ ਪਾੜਦੇ, ਰਹੇ ਟੀਟਣੇ ਟੀਟ ।

ਰਾਗੋਂ ਵਿੱਛੜੇ ਸਾਜ਼ ਨੂੰ, ਮਿਹਣੇ ਮਾਰੇ ਗੀਤ ।

ਗ਼ਮ ਦੇ ਬੱਦਲ ਛਾ ਰਹੇ, ਚਿੰਤਾ ਵਾਲੀ ਧੁੰਧ ।

ਰੂਹ ਦਾ ਦੀਵਾ ਬਾਲ ਲੈ, ਨੈਣਾਂ ਤਾਈ ਮੁੰਧ ।

ਟਿਕ ਟਿਕ ਲਾਈ ਘੜੀ ਨੇ, ਟਿਕਦਾ  ਨਾਹੀਂ ਚਿੱਤ ।

ਵਕਤ ਮੁਸਾਫ਼ਰ ਦੋਸਤੋ, ਬਣਦਾ ਨਾਹੀਂ ਮਿੱਤ ।

ਕੋਠੀ ਕਾਰਾਂ ਖੇਤ ਨੇ, ਰਹੇ ਆਕੜੀ ਧੌਣ ।

ਵਖ਼ਤ ਪਏ ਅੱਖ ਖੁੱਲ੍ਹਦੀ, ਕਿਹੜਾ ਪੁੱਛਦਾ ਕੌਣ ?

ਬੋਟ ਘਰਾਂ ਚੋਂ ਉੱਡਗੇ, ਗਏ ਉਡਾਰੀ ਮਾਰ ।

ਕੁਦਰਤ ਤੇ ਮਨੁੱਖ ਦਾ, ਨਾਤਾ ਹੋਇਆ ਤਾਰ ।

ਠੰਡੀ ਮਿੱਠੀ ਪੌਣ ਹੈ, ਸਭ ਦੀ ਮੰਗੇ ਖ਼ੈਰ ।

ਉਸਦੇ ਰੰਗਲੇ ਬਾਗ ਦੀ, ਮਨਮੋਹਣੀ ਹੈ ਸੈਰ ।

ਬਿੱਲੀ ਰਸਤਾ ਕੱਟ ਜੇ , ਪਿੱਛੋਂ ਪੈ ਜੇ ਵਾਜ ।

ਭਰਮ ਭੁਲੇਖੇ ਰੋਕਦੇ, ਪੰਛੀ ਦੀ ਪਰਵਾਜ਼ ।

ਮਨ ਦਾ ਘੋੜਾ ਅੱਥਰਾ, ਉੱਚੀ ਮਾਰੇ ਛਾਲ ।

ਦੇਸ਼ ਦਿਸ਼ਾਂਤਰ ਭਟਕਦਾ, ਕਰਦਾ ਕਈ ਕਮਾਲ ।

ਵਿਹਲੇ ਵਕਤ ਗਵਾ ਲਿਆ, ਕੀਤੀ ਉਮਰ ਬਤੀਤ ।

ਕਿਤੇ ਨਾ ਦੀਵੇ ਜਗਦੇ, ਘੋਰ ਹਨੇਰ ਅਤੀਤ ।

ਕੀ ਏ ਸਾਡਾ ਜੀਵਣਾ, ਨਾ ਕਿੱਸੇ ਨਾ ਗੀਤ ।

ਤੁਰ ਗਏ ਇਉਂ ਜਹਾਨ ਤੋਂ, ਜਿਉਂ ਪਾਣੀ ਤੇ ਲੀਕ ।

ਹੱਥੀਂ ਜੰਗਲ ਬੀਜਦੇ, ਮਗਰੋਂ ਲੌਂਦੇ ਅੱਗ ।

ਲੋਭੀ ਫ਼ਿਰਦੇ ਘੁੰਮਦੇ, ਹੁਣ ਵੱਗਾਂ ਦੇ ਵੱਗ ।

ਧੂੜ ਉਡਾਈ ਵਕਤ ਨੇ, ਚੜ੍ਹਿਆ  ਅਗਲਾ ਸਾਲ ।

ਪੱਤਰੀ ਮੁੜ ਮੁੜ ਦੱਸਦੀ, ਰਹਿਣਾ ਓਹੀਓ ਹਾਲ।

ਵਿੱਚ ਚੌਰਾਹੇ ਬੈਠ ਕੇ, ਦੱਸਣ ਪਾਂਡੇ ਹਾਲ ।

ਸਾੜ੍ਹਸਤੀ ਹੈ ਚਿੰਬੜੀ, ਅਜਕਲ੍ਹ ਸੋਚਾਂ ਨਾਲ ।

ਨਸ਼ਿਆਂ ਕੀਤੇ ਗੱਭਰੂ, ਡੌਰ ਭੌਰ ਤੇ ਸੁੰਨ ।

ਹੁਣ ਨਹੀਂ ਉਹ ਪਛਾਣਦੇ, ਕੀ ਪਾਪ ਕੀ ਪੁੰਨ ।

ਚੋਰਾਂ ਯਾਰਾਂ ਆਸ਼ਕਾਂ, ਸਦਾ ਸਹਾਵੇ ਰਾਤ ।

ਸੱਚ ਝੂਠ ਦੀ ਜੰਗ ਵਿੱਚ, ਝੂਠ ਨੂੰ ਹੋਵੇ ਮਾਤ ।

ਹੇਠ ਸਰ੍ਹਾਣੇ ਦੱਬ ਲਏ, ਸੁਪਨੇ ਕਈ ਕਮਾਲ । 

ਸੁਪਨੇ ਸੁਪਨੇ ਰਹਿ ਗਏ, ਰੜਕਣ ਅੱਖਾਂ ਲਾਲ।

ਅੱਕੀ ਆਦਮਜ਼ਾਤ ਤੋਂ, ਧਰਤੀ ਕਰੇ ਪੁਕਾਰ ।

ਬਹੁੜੀਂ ਰੱਬਾ ਮੇਰਿਆ, ਮੱਚੀ ਹਾਹਾਕਾਰ ।

ਚਾਂਈ ਚਾਂਈ ਗੱਭਰੂ, ਬੰਨ੍ਹੇ ਸਿਰ ਤੇ ਪੱਗ ।

ਦੂਣ ਸਵਾਈ ਸ਼ਾਨ ਹੈ, ਖੜ੍ਹ ਖੜ੍ਹ ਵੇਖੇ ਜੱਗ ।

ਇਸ਼ਕ ਚ ਅੰਨ੍ਹੀ ਹੋ ਗਈ, ਕੀ ਸੱਸੀ ਕੀ ਹੀਰ ।

ਸਾਰੇ ਰਿਸ਼ਤੇ ਤੋੜ ਤੇ, ਕੀ ਬਾਪੂ ਕੀ ਵੀਰ ।

ਆਪਣਾ ਫਰਜ਼ ਪਛਾਣ ਕੇ, ਕਰਦਾ ਸੱਚੀ ਕਾਰ  ।

ਐਸੇ ਕਰਮੀ ਪੁਰਸ਼ ਦਾ, ਹਰ ਪਾਸੇ ਸਤਿਕਾਰ ।

ਖਾਧ ਖੁਰਾਕ ਨਾ ਮਿਲ ਰਹੀ, ਰਹੀ ਮਿਲਾਵਟ ਮਾਰ ।

ਦੋ ਟਕਿਆਂ ਦੇ ਲੋਭ ਨੇ, ਦਿੱਤੀ ਖਲਕਤ ਮਾਰ ।

ਢੱਡ ਸਰੰਗੀ ਖੜਕਦੀ, ਵਿਰਸੇ  ਦੀ ਟੁਣਕਾਰ ।

ਛੰਦ ਕਵੀਸ਼ਰ ਲਿਖ ਰਹੇ, ਸ਼ਬਦਾਂ ਦੀ ਝਣਕਾਰ ।

ਹੱਥ ਨਜੂਮੀ ਵੇਖਦਾ, ਬੈਠਾ ਬੁੱਕਲ ਮਾਰ ।

ਗਧਾ ਗਧੇ ਨੂੰ ਪੁੱਛਦਾ, ਕਦੋਂ ਲੱਥਣਾ ਭਾਰ ।

ਕਲਮ ਦਵਾਤਾਂ ਭੁੱਲੀਆਂ, ਚਲ ਪਏ ਬਾਲ ਪੈੱਨ ।

ਊੜਾ ਊਂਠ  ਗਵਾਚਿਆ, ਧੂੜ  ਉਡਾਈ ‘ਹੈੱਨ’ ।

ਗੁਰਮੁਖਾਂ ਅੱਜ ਗੁਰਮੁਖੀ, ਦਿੱਤੀ ਛਿੱਕੇ ਟੰਗ ।

ਵਿਰਸਾ ਕੁੱਲ ਵਿਸਾਰਿਆ, ਰੰਗ ਫ਼ਿਰੰਗੀ ਰੰਗ ।

ਛੇੜਨ ਰਾਗ ਕਤੂਰਵੀ, ਅੱਜ ਦੇ ਗਾਇਕ ਆਮ ।

ਇੱਜਤ ਧੀ ਤੇ ਭੈਣ ਦੀ, ਹੱਥੀਂ ਕਰਨ ਨਿਲਾਮ ।

ਰੋਟੀ ਖ਼ਾਤਰ ਨੱਚਦੀ, ਕੋਠੇ ਚੜ੍ਹ ਕੇ ਨਾਰ ।

ਅੱਜ ਦੇ ‘ਭੀਸ਼ਮ’ ਦੇਖ ਲੌ, ਨੋਟ ਰਹੇ ਨੇ ਵਾਰ ।

ਟਾਹਣੀ ਨਾਲੋਂ ਟੁੱਟ ਕੇ, ਫ਼ੁੱਲ ਵੀ ਮਾਰਨ ਬਾਸ ।

ਵੇਖ ਝਗੜਦੇ ਯਾਰ ਨੂੰ, ਹੁੰਦੀ ਰੂਹ ਉਦਾਸ ।

ਬਾਗ ਬਗੀਚਾ ਰੱਬ ਦਾ, ਰੰਗ ਬਰੰਗੇ ਫ਼ੁੱਲ ।

ਰਾਖੇ ਚਮਨ ਉਜਾੜਦੇ, ਕਰਦੇ ਦੀਵੇ ਗੁੱਲ ।

ਯਾਰੀ ਅਤੇ ਵਪਾਰ ਨੂੰ, ਜੋ ਨਾ ਰੱਖਦਾ ਵੱਖ ।

ਝਾਟੇ ਖੇਹ ਪਵਾ ਲਵੇ, ਜਦੋਂ ਬਦਲਦੀ ਅੱਖ ।

ਛੇਤੀ ਹੀ ਹੁਣ ਜਾਪਦਾ, ਹੋਣੀ ਹੈ ਪ੍ਰਭਾਤ ।

ਹਨੇਰਿਆਂ ਨੇ ਛੇੜ ਲਈ, ਚਾਨਣ ਦੀ ਹੈ ਬਾਤ ।

ਮੁਨਕਰ ਹੋ ਕੇ ਰੱਬ ਤੋਂ, ਕੀਤੇ ਲੱਖ   ਗੁਨਾਹ ।

‘ਮੈਂ’ ਨੇ ਬੇੜਾ ਡੋਬਿਆ, ਕੀਤੀ ਜਿੰਦ ਫ਼ਨਾਹ ।

ਵੱਖਰੀ ਹੋ ਕੋ ਭੀੜ ਤੋਂ, ਕੱਲੀ ਹੋਗੀ ਜਿੰਦ ।

ਮੈਂ ਤੋਂ ਮੈਂ ਹੈ ਡਰ ਰਹੀ, ਭਾਰ ਸਹੇ ਨਾ ਬਿੰਦ ।

ਕਈ ਮੁਖੌਟੇ ਧਾਰ ਕੇ, ਕੀਤਾ ਖੁਸ਼ ਆਵਾਮ ।

ਕੁਰਸੀ ਕਾਰੇ ਕਰ ਰਹੀ, ਹੀਲੇ ਵਰਤ ਤਮਾਮ ।

ਜਿਸ ਤੇ ਦਿਲ ਨੇ ਕਰ ਲਿਆ, ਆਪਣੇਪਣ ਦਾ ਮਾਣ ।

ਉਹੀ ਤੋੜਦੇ ਮਾਣ ਨੂੰ , ਜਜ਼ਬਾਤਾਂ ਦਾ ਘਾਣ ।

ਢਲ਼ਦੀ ਉਮਰ ਚ ਦੋਸਤੋ, ਧੌਲੇ ਕਰਦੇ ਤੰਗ ।

ਕਾਕੇ ਬਣ ਬਣ ਬੈਠਦੇ, ਲਾ ਵਸਮੇ ਦੇ ਰੰਗ ।

ਉਮਰ ਬੀਤਗੀ ਦੋਸਤਾ, ਨਾਲੇ ਬਦਲੀ ਚਾਲ ।

ਹੱਥ ਪੈਰ ਨੇ ਕੰਬਦੇ, ਬੱਗੇ ਹੋਗੇ ਵਾਲ ।

ਲਿਖ ਪੰਨੇ ਦੀ ਹਿੱਕ ਤੇ, ਮਨ ਦਾ ਹਾਲ ਤਮਾਮ ।

ਰੌਸ਼ਨ ਅੱਖਰ ਕਰਨਗੇ, ਰੌਸ਼ਨ ਅਪਣਾ ਨਾਮ ।

ਦੋਹਿਰਾ ਛੰਦ ਕਮਾਲ ਹੈ, ਜਿਉਂ ਗੋਲ਼ੀ ਬੰਦੂਕ ।

ਦੋ ਸਤਰਾਂ ਵਿੱਚ ਮੁੱਕਦੀ, ਵੱਡੀ ਗੱਲ ਦੋ ਟੂਕ ।

ਠਰੀ ਰੂਹ ਦੀ ਕੋਠੜੀ, ਠੰਡੀ  ਠੰਡੀ ਚੁੱਪ ।

ਕਾਸ਼ ਕਿਧਰੇ ਮਿਲ ਜਾਵੇ, ਉਮਰੋਂ ਵਿਛੜੀ ਧੁੱਪ ।

ਫੋਕੇ ਪੁਤਲੇ ਫ਼ੂਕਦੇ, ਹੋ ਕੇ ਲੋਕ ਨਿਰਾਸ਼ ।

ਹਾਰ ਹੰਭ ਕੇ ਬੈਠਗੇ, ਕਿਵੇਂ ਮਿਲੇ ਸ਼ਾਬਾਸ਼?

ਅਕਲ ਉਧਾਰੀ ਮੰਗ ਕੇ, ਬਣਿਆ ਨਾਢੂ ਖਾਨ ।

ਸਿਰ ਤੇ ਔਕੜ ਵੇਖ ਕੇ, ਹੁੰਦੇ ਖੁਸ਼ਕ ਪ੍ਰਾਣ । 

ਚੜ੍ਹ ਗਿਆ ਦਿਨ ਸੁਹਾਵਣਾ, ਖਿੜੀ ਖਿੜੀ ਏ ਰੂਹ ।

ਯਾਦਾਂ ਵਾਲੜੀ ਤਿਤਲੀ, ਆਈ ਦਿਲ ਦੀ ਜੂਹ।

ਸੱਜਣ ਸਾਥੋਂ ਲੈ ਗਿਆ, ਲੁੱਟ ਕੇ ਜਿੰਦ ਪ੍ਰਾਣ ।

ਵਸਦਾ ਰਹਿ ਵੇ ਢੋਲਣਾ, ਮੈਂ ਤੇਰੇ ਕੁਰਬਾਨ ।

ਸ਼ਮੀ ਆਖਦਾ ਦੋਸਤੋ, ਵਕਤ ਬੜਾ ਬਲਵਾਨ ।

ਰੋਕ ਸਕੇ ਨਾ ਏਸਨੂੰ, ਲਾ ਲਾ ਥੱਕੇ ਤਾਣ ।

ਰੋਜ਼ੀ ਰੋਟੀ ਬਦਲਿਆ, ਘਰ ਨੂੰ ਜਾਂਦਾ ਰਾਹ ।

ਕੂੰਜ ਡਾਰ ਤੋਂ ਵਿੱਛੜੀ, ਹੋਏ ਓਪਰੇ ਸਾਹ ।

ਅੱਖ ਓਹੀ ਏ ਜਾਣਦੀ, ਜਿਸਨੂੰ ਬਖ਼ਸ਼ੇ ਰੱਬ ।

ਬਾਕੀ ਦੁਨੀਆਂ ਲਈ ਤਾਂ, ਸਭੇ ਕੁਦਰਤਾਂ ਯੱਭ ।

ਅਣਖੀ ਬੰਦੇ ਦੋਸਤੋ, ਪੜ੍ਹਦੇ ਹੋਰ ਸਕੂਲ ।

ਜਗ ਨੂੰ ਜਾਂਦੇ ਦੱਸ ਕੇ, ਪੁੱਗਣ ਕਿਵੇਂ ਅਸੂਲ ।

ਵਿਹੜੇ ਕੁਦਰਤ ਨਾਰ ਦੇ, ਰੱਬ ਸਜਾਇਆ ਮੰਚ ।

ਨੱਚੇ ਜੀਆ ਜੰਤ ਹੈ, ਜਿਵੇਂ ਨਚਾਵੇ ਕੰਤ।

ਖ਼ਬਰੇ ਕਿਹੜਾ ਟੱਪਿਆ, ਡਾਢਾ ਕੋਈ ਭੌਣ।

ਤਾਂ ਹੀ ਰੁੱਸ ਕੇ ਲੰਘਦੀ, ਸਾਡੇ ਕੋਂਲੋ ਪੌਣ ।

ਕਿੱਸੇ ਬੜੇ ਸਵਾਦਲੇ, ਸੁਣਦੇ ਬਾਪੂ ਵੀਰ ।

ਕੁੱਟਣ ਮੱਥੇ ਆਪਣੇ, ਘਰ ਜੰਮੇ ਜੇ ਹੀਰ ।

ਰਾਸ਼ੀਫ਼ਲ ਨਾ ਬਦਲਦੇ, ਬੰਦੇ ਦੀ ਤਕਦੀਰ ।

ਆਪੇ ਪੈਂਦਾ ਮਾਰਨਾ, ਕੱਦੂ ਦੇ ਵਿੱਚ ਤੀਰ ।

ਪਲ ਪਲ ਕਰਕੇ ਵੇਖਿਓ, ਹੋਊ ਨਵੀਂ ਸਵੇਰ ।

ਚਮਕੇ ਸੂਰਜ ਆਸ ਦਾ, ਟਿਕਣੇ ਨਹੀਂ ਹਨੇਰ ।

ਹਾਸੇ ਹੱਸਣੋਂ ਹਟਗੇ, ਰਖਦੇ ਹਾਂ ਮੂੰਹ ਬੰਦ ।

ਜਿੰਦਣ ਦੇ ਲੱਗੇ ਦੋਸਤੋ, ਸਾਡੇ ਨਕਲੀ ਦੰਦ ।

ਢਲ਼ਦੀ ਉਮਰੇ ਅੱਜਕੱਲ੍ਹ, ਕੌਣ ਕਹਾਵੇ ਘੱਟ ।

ਰੱਖਣ ਸ਼ੀਸ਼ਾ ਮੋਚਨਾ, ਧੌਲ਼ੇ ਦਿੰਦੇ ਪੱਟ ।

ਕਹਿਣਾ ਚੰਗਾ ਸ਼ੇਅਰ ਜੇ, ਸ਼ੇਅਰ ਪੜ੍ਹੋ ਹਜ਼ਾਰ ।

ਬਿਨ ਪੜ੍ਹਿਆ ਜੋ ਆਖਦਾ, ਹੁੰਦਾ ਬਹੁਤ ਖ਼ੁਆਰ ।

ਭਰਮ ਭੁਲੇਖੇ ਵਾਂਗ ਹੀ, ਜੀਵਨ ਜਾਂਦਾ ਬੀਤ ।

ਮਨ ਦੇ ਵਿਹੜੇ ਬੈਠ ਕੇ , ਗਾਓ ਮਿੱਠੜਾ ਗੀਤ ।

ਪੌੜੀ ਸੁਰਗ ਨੂੰ ਜਾਣ ਦੀ, ਲਾਰਿਆਂ ਹੇਠਾਂ ਦੱਬ ।

ਰਹਿਬਰ ਬਣ ਕੇ ਠੱਗਦੇ , ਨਿੱਕੇ ਵੱਡੇ ਰੱਬ ।

ਉਮਰੋਂ ਲੰਮੀ ਹੋ ਜਾਵੇ , ਜੇ ਸੱਜਣਾਂ ਉਡੀਕ ।

ਲਾਰੇ ਵਰਗੀ ਜਾਪਦੀ, ਲੇਖਾਂ ਵਾਲੀ ਲੀਕ ।

ਕਵੀਆਂ ਦੀ ਉਡਾਣ ਨੂੰ, ਕਿਹੜਾ ਸਕਦਾ ਰੋਕ ।

ਓਧਰ ਗੁੱਡੀ ਉੱਡਦੀ, ਜਿੱਧਰ ਲੱਗੇ ਝੋਕ । 

ਪੋਹ ਦਾ ਪਾਲ਼ਾ ਅੱਥਰਾ, ਨਿੱਤ ਖੁਆਏ ਸਾਗ ।

ਸ਼ੁਕਰ ਏ ਰੱਬਾ ਆ ਗਿਆ, ਰੰਗ ਰੰਗੀਲਾ ਮਾਘ ।

ਗੱਡ ਗਢੀਰੇ ਰੱਬ ਦੇ, ਲੱਦੀਂ ਜਾਂਦੇ ਭਾਗ ।

ਖ਼ੈਰਾਂ ਹੋਵਣ ਦਾਤਿਆ, ਹਰਿਆ ਰੱਖੀਂ ਬਾਗ ।

ਉਜਾੜਾ ਕਰਕੇ ਮੁਲਕ ਦਾ, ਨਾਮ ਰੱਖਿਆ ਵੰਡ ।

ਰਲ਼ ਮਿਲ ਖਾਧੀ ਲੀਡਰਾਂ, ਸਿਆਸਤ ਵਾਲੀ ਖੰਡ ।

ਛੱਡ ਝਮੇਲੇ ਜਗਤ ਦੇ, ਛੇੜ ਰੁਹਾਨੀ ਰਾਗ ।

ਮਨ ਦੇ ਖੇੜੇ ਨਾਲ ਹੀ, ਸੁੱਤੇ ਜਾਗਣ ਭਾਗ ।

ਸ਼ੋਰ ਸ਼ਰਾਬਾ ਹੋ ਰਿਹਾ, ਕਿੱਥੋਂ ਮਿਲੇ ਸਕੂਨ ।

ਜੋਕਾਂ ਵਰਗੇ ਲੋਕ ਨੇ, ਪੀਂਦੇ ਨੇ ਬਸ ਖ਼ੂਨ ।

ਬੜਾ ਅਜਬ ਸੀ ਦੋਸਤਾ, ਜ਼ਿੰਦਗੀ ਵਾਲਾ ਖੇਲ੍ਹ ।

ਦੁਨੀਆਂ ਸਾਰੀ ਪਾਸ ਏ, ਸ਼ਮੀ ਹੋ ਗਿਆ ਫ਼ੇਲ੍ਹ ।

ਦਿਲ ਦੇ ਅੰਦਰ ਉਮੜਦੀ, ਏਹ ਕੇਹੀ ਤਰੰਗ ।

ਸੱਤ ਰੰਗ ਵੀ ਕੋਲ ਨੇ, ਜੀਵਨ ਕਿਉਂ ਬਦਰੰਗ?

ਵਾਹ ਮਦਾਰੀ ਮਾਲਕਾ, ਵਾਹਵਾ ਤੇਰੇ ਚੋਜ਼ ।

ਕੋਈ ਵੈਦ ਨਾ ਜਾਣਦਾ, ਮਨ ਅੰਦਰਲੀ ਸੋਜ਼ ।

ਚਾਲੇ ਵੇਖ ਜਹਾਨ ਦੇ, ਸ਼ਮੀ ਹੋਇਆ ਸੁੰਨ ।

ਗੋਦੀ ਬਹਿ ਕੇ ਵੇਖ ਲੌ, ਦਾੜ੍ਹੀ ਜਾਂਦੇ ਮੁੰਨ।

(ਕੁਝ ਸ਼ੇਅਰ ਪੱਤਰਕਾਰਾਂ ਅਤੇ ਸਮਾਚਾਰ ਸੰਪਾਦਕਾਂ ਲਈ)

ਛਪਦੀ ਜਿੱਦਣ ਖ਼ਬਰ ਨਾ, ਕੌੜੀ ਲੱਗੇ ਚਾਹ ।

ਖ਼ੂਨ ਫ਼ੂਕਦੇ ਆਪਣਾ, ਬਹਿੰਦੇ ਢੇਰੀ ਢਾਹ ।

ਖ਼ਬਰਾਂ ਲਿਖ ਲਿਖ ਲਾ ਦਿੱਤੇ, ਟੇਬਲ ਉੱਤੇ ਢੇਰ ।

ਅੱਖਰ ਇੱਕ ਨਾ ਛਪਦਾ, ਛਾਏ ਘੁੱਪ ਹਨੇਰ ।

ਬੱਲੇ ਟੇਬਲਾਂ ਵਾਲਿਓ, ਚੰਗੇ ਤੁਹਾਡੇ ਠਾਠ ।

ਨਿੱਕੇ ਵੱਡੇ ਰੋਲ਼ਤੇ, ਬਣ ਕੇ ਦੁੱਲੇ ਰਾਠ ।

ਬੜੀ ਜਰੂਰੀ ਖ਼ਬਰ ਹੈ, ਦੱਸਣਾ ਪੈਂਦਾ ਆਪ ।

ਆਪੇ ਪੜ੍ਹ ਕੇ ਵੇਖਣਾ, ਖੌਰੇ ਸਮਝਣ ਪਾਪ ।

📝 ਸੋਧ ਲਈ ਭੇਜੋ