ਹਾਲ ਨ ਕੁਝ ਪੁੱਛੋ ਯਾਰੋ

ਹਾਲ ਕੁਝ ਪੁੱਛੋ ਯਾਰੋ, ਉਲਫ਼ਤ ਵਿਚ ਮਰ ਚੱਲੇ ਦਾ। 

ਆਸ ਕਰਾਂ ਕੀ ਮੈਂ ਦਿਲ ਤੋਂ, ਕੀ ਭਰਵਾਸਾ ਝੱਲੇ ਦਾ।

ਸਿਰ ਵਿਚ ਪਿਆਰ ਦਾ ਪਾਗਲਪਨ, ਦਿਲ ਵਿਚ ਟੀਸ ਮੁਹੱਬਤ ਦੀ 

ਸੂਤ ਨਹੀਂ ਹੈ ਕੋਈ ਵੀ, ਉਪਰ ਦਾ ਨਾ ਥੱਲੇ ਦਾ।

ਤੇਰੇ ਬਾਝੋਂ ਮੈਂ ਸਜਣਾ, ਹਰ ਮਹਿਫ਼ਿਲ ਵਿਚ ਕੱਲਾ ਹਾਂ 

ਪਾਗਲ ਹੋ ਜਾਵਾਂ ਨਾ ਕਿਉਂ, ਜੀ ਨਹੀਂ ਲਗਦਾ ਕੱਲੇ ਦਾ।

ਲੁਕਮਾਨਾਂ ਨੇ ਸਦੀਆਂ ਤਕ, ਮੱਥੇ ਮਾਰ ਕੇ ਵੇਖ ਲਏ 

ਦਾਰੂ ਢੂੰਡ ਸਕੇ ਨਾ ਉਹ, ਇਸ਼ਕ ਦੇ ਰੋਗ ਅਵੱਲੇ ਦਾ

ਤੇਰੇ ਗ਼ਮ ਦੀ ਦੌਲਤ ਦਾ, ਮੇਰੇ ਪਾਸ ਖ਼ਜ਼ਾਨਾ ਹੈ 

ਇਸ ਨੂੰ ਸਾਂਭ ਕੇ ਰਖਦਾ ਹਾਂ, ਮੈਂ ਹਾਂ ਪੱਕਾ ਪੱਲੇ ਦਾ । 

ਮੇਲ ਦਿਲਾਂ ਦੇ ਹੁੰਦੇ ਨੇ, ਪਿਆਰ ਸਰੀਰੋਂ ਉੱਚਾ ਹੈ 

ਸਜਣਾ ਹੁਣ ਕਿਉਂ ਦੇਂਦਾ ਏਂ, ਹੋਰ ਭੁਲੇਖਾ ਛੱਲੇ ਦਾ ?

ਚੋਰ ਨੂੰ ਕਹਿਦੈ ਚੋਰੀ ਕਰ ਫੇਰ ਜਗਾਉਂਦੈ ਘਰ ਵਾਲੇ 

ਦੂਤੀ ਦੀ ਕੀ ਪੁਛਦੇ ਹੋ, ਉਹ ਹੈ ਯਾਰ ਦੁਵੱਲੇ ਦਾ। 

ਹੁਸਨ ਤੇ ਇਸ਼ਕ ਦੇ ਝਗੜੇ ਦਾ ਰੋਜ਼ ਨਿਬੇੜਾ ਹੁੰਦਾ ਹੈ 

ਅਕਲ ਤੇ ਪਰਦਾ ਪੈ ਜਾਂਦੈ, ਆਖ਼ਰ ਇਸ਼ਕ ਦੇ ਹੱਲੇ ਦਾ

ਟੋਕ ਉਸਨੂੰ ‘ਹਮਦਰਦਾ, ਨਾਜ਼ਕ ਦਿਲ ਵਾਲਾ ਹੈ ਉਹ 

ਉਹਨੂੰ ਚੰਗਾ ਲਗਦਾ ਹੈ, ਰੌਲਾ ਬੱਲੇ ਬੱਲੇ ਦਾ।

📝 ਸੋਧ ਲਈ ਭੇਜੋ