ਰਾਹੇ ਰਾਹੇ ਜਾਂਦੀਏ, ਨੀ ਰਾਹੇ ਰਾਹੇ ਜਾਂਦੀਏ
ਅਹਿ ਜਵਾਨੀ, ਅਹਿ ਹੁਸਨ
ਕਿਰਮਚੀ ਅੰਗਾਂ ਦੀ ਲਿਸ਼ਕ
ਨਾ ਗਵਾ, ਨਾ ਗਵਾ
ਹਾਲੀ ਸਮਾਂ ਏਂ, ਹਾਲੀ ਸਮਾਂ
ਰਾਹੇ ਰਾਹੇ ਜਾਂਦੀਏ, ਨੀ ਰਾਹੇ ਰਾਹੇ ਜਾਂਦੀਏ ।
ਮੇਰੀਆਂ ਬਾਹਾਂ ਦਾ ਅਹਿ ਤਕ ਵੇਲਣਾ
ਪੀੜ ਸੁੱਟੀ ਜਿਸ ਨੇ ਆਦਮ ਦੀ ਫ਼ਸਲ
ਜਿਸ ਨੇ ਰਗ ਰਗ ਚੋਂ ਲਹੂ ਸੁਟਿਆ ਨਿਚੋੜ
ਆ ਤੈਨੂੰ ਇਸ ਵੇਲਣੇ ਵਿਚ ਪੀੜ ਦਾਂ
ਫੋਕ ਕਰ ਸੁੱਟਾਂ ਤੇਰਾ ਰਸਿਆ ਸ਼ਬਾਬ
ਕਢ ਲਵਾਂ ਤੇਰੇ ਵੀ ਬੁੱਲਾਂ ਚੋਂ ਸ਼ਰਾਬ
ਰਾਹੇ ਰਾਹੇ ਜਾਂਦੀਏ, ਨੀ ਰਾਹੇ ਰਾਹੇ ਜਾਂਦੀਏ ।
ਮੈਥੋਂ ਨਾ ਸ਼ਰਮਾ ਨੀ ਕੁੜੀਏ ਮੈਥੋਂ ਨਾ ਸ਼ਰਮਾ
ਹੁਸਨ ਤਾਂ ਸਦੀਆਂ ਤੋਂ ਵਿਕਦਾ ਆ ਰਿਹਾ
ਹਰ ਸਮੇਂ ਮਿਲਦੇ ਰਹੇ ਚੁੰਬਨ ਉਧਾਰ
ਮੇਰੇ ਹੱਟ ਲੋਕਾਂ ਨੇ ਪਰ ਵੇਚੇ ਪਿਆਰ
ਵੰਗ ਤੋਂ ਸਸਤੇ ਸਮਝ ਕੇ ਗੋਰੀਆਂ
ਚਾਨਣੀ ਰਾਤਾਂ ਦੇ ਭੰਨ ਸੁੱਟੇ 'ਕਰਾਰ
ਜ਼ਿੰਦਗੀ ਹੈ ਇਕ ਵਪਾਰ
ਮੇਰੇ ਹੱਟ ਕੀ ਕੁਝ ਨਾ ਵਿਕਿਆ
ਵੇਖ ਅਹਿ ਬਾਗ਼ੀ ਦੀ ਬਿਜਲੀ
ਅਹਿ ਵਫ਼ਾ, ਅਹਿ ਦੋਸਤੀ
ਹੁਸਨ ਦੇ ਪਿੰਡੇ ਤੇ ਲਾਸਾਂ
ਰਾਤ ਦੇ ਪਰਦੇ 'ਚ ਸੌਂਪੇ ਯਾਰ ਦੇ ਯਾਰਾਂ ਨੂੰ ਰਾਜ਼
ਇਸ ਜਗ੍ਹਾ ਵਿਸ਼ਵਾਸ ਵਿਕਿਆ
ਇਸ ਜਗ੍ਹਾ ਵਿਕਿਆ ਖ਼ੁਦਾ
ਇਸ ਜਗ੍ਹਾ ਪਾਲਿਸ਼ ਦੇ ਭਾਅ
ਨਹੁੰਦਰਾਂ ਨੇ ਮਾਸ ਕਰ ਸੁਟਿਆ ਜੁਦਾ
ਵੇਖ ਔਹ ਮੱਟਾਂ ਦੇ ਮੱਟ
ਜਿਸਦੇ ਅੰਦਰ ਕੈਦ ਹੈ
ਆਦਮ ਦੀ ਮਿੱਝ, ਆਦਮ ਦਾ ਖ਼ੂਨ,
ਖ਼ੈਰ, ਏਸ ਦਾ ਕੀ ਜ਼ਿਕਰ ਕਰਨਾ
ਇਹ ਤਾਂ ਸਸਤਾ ਏ ਬੜਾ,
ਗਲ ਕੀ ਹੋਰਾਂ ਦੀ ਜਦ
ਸ਼ਾਇਰਾਂ ਨੇ ਮੇਰੇ ਹੱਟ ਇਲਹਾਮ ਆਕੇ ਵੇਚਿਆ
ਤੂੰ ਸੁਣਾ ਤੇਰੀ ਹੈ ਕੀ ਆਖ਼ਰ ਸਲਾਹ ?
ਅਹਿ ਜਵਾਨੀ, ਅਹਿ ਹੁਸਨ
ਕਿਰਮਚੀ ਅੰਗਾਂ ਦੀ ਲਿਸ਼ਕ
ਨਾ ਗਵਾ, ਨਾ ਗਵਾ
ਹਾਲੀ ਸਮਾਂ ਏਂ, ਹਾਲੀ ਸਮਾਂ
ਰਾਹੇ ਰਾਹੇ ਜਾਂਦੀਏ, ਨੀ ਰਾਹੇ ਰਾਹੇ ਜਾਂਦੀਏ ।