ਹਾਲੀਆਂ ਪਾਲੀਆਂ ਦਾ ਗੀਤ

ਦਬਾ ਦਬ ਚੱਲ ਮੇਰੇ ਬੈਲਾਂ ਦੀਏ ਜੋੜੀਏ ਨੀ,

ਬੀਜਣੇ ਨੇ ਅਸੀਂ ਹਥਿਆਰ ।

ਮੁੜ੍ਹਕੇ ਦਾ ਵੱਤਰ ਮੈਂ ਮਸਾਂ ਹੈ ਸੰਭਾਲਿਆ ਨੀ,

ਪਵੇ ਨਾ ਚੌਮਾਸਿਆਂ ਦੀ ਮਾਰ।

ਦੱਬੇ ਪੈਰੀਂ ਲੰਘ ਚੱਲ ਢਾਰਿਆਂ ਦਾ ਮੋੜ,

ਖੜਕਾਈਂ ਨਾ ਤੂੰ ਟੱਲੀਆਂ ਦੇ ਰੌੰਣ ਨੀ ।

ਰੋਟੀ ਦੀ ਰਿਹਾੜ ਕਰ ਸੁੱਤੀ ਏ 'ਪਿਆਰੋ ',

ਜੀਹਦੇ ਹੌਕੇ 'ਜੰਗੂ' ਪਾਲੀ ਨੂੰ ਜਗੌਣ ਨੀ ।

ਹਨੇਰਿਆਂ ਦੀ ਓਟ ਵਿਚ ਰੱਜੇ ਹੋਏ ਸਾਨ੍ਹ ਵੇਖ,

ਕਿੱਦਾਂ ਰਹੇ ਮੱਕੀਆਂ ਉਜਾੜ ।

ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ ।

ਸਿੰਗਾਂ ਦੀਆਂ ਤਿੱਖੀਆਂ ਸੰਗੀਨਾਂ ਕਰ ਲਵੀਂ ਤੂੰ ਵੀ,

ਥੰਮ੍ਹ ਜਾਣ ਨ੍ਹੇਰੀਆਂ ਦੇ ਵੇਗ ਨੀ ।

ਸੀਰੀਆਂ ਦੇ ਹੌਸਲੇ ਨੂੰ ਉਜੜਿਆਂ ਟਾਂਡਿਆਂ ਦਾ

ਪੁੱਤਾਂ ਜਿੰਨਾ ਹੁੰਦਾ ਏ ਦਰੇਗ ਨੀ ।

ਹੱਥਾਂ ਦੀਆਂ ਰੇਖਾਂ ਵਾਂਗੂੰ ਯੁੱਗ-ਪਲਟਾਊ ਹੁੰਦੇ,

ਜੱਟਾਂ ਲਈ ਖੇਤਾਂ ਦੇ ਸਿਆੜ ।

ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ ।

'ਸੂਰਜ' ਤੇ 'ਧਰਤੀ' ਦੀ ਜੱਫੀ ਵਿਚ ਅੱਗ,

ਜਿਨ੍ਹਾਂ ਸੁਣਿਆਂ ਏ ਭੁਖਿਆਂ ਦਾ ਹਾੜ ਨੀ ।

'ਪਸ਼ੂ' ਅਤੇ 'ਕਿਰਤੀ ' ਦਾ ਇੱਕੋ ਇਤਿਹਾਸ,

ਜੀਹਨੂੰ ਲਿਖਦਾ ਤਾਂ ਆਇਆ ਏ 'ਕਰਾੜ' ਨੀ ।

ਜੀਹਦੇ ਕੋਲ ਵੇਚ ਕੇ ਮੈਂ ਭੈਣਾਂ ਤੇਰੀ ਜੋੜੀਏ ਨੇ

ਸਕਿਆ ਵਿਆਜ ਵੀ ਨਾ ਤਾਰ ।

ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ ।

ਸਾਡੇ ਮੱਥਿਆਂ 'ਤੇ ਸਾਡੇ ਵੱਡਿਆਂ ਵਡੇਰਿਆਂ ਨੇ,

ਦਿੱਤੀ ਏ ਗ਼ਰੀਬੀ ਜਿਹੜੀ ਪੋਚ ਨੀ ।

ਫ਼ਸਲਾਂ ਦੇ ਮੱਥੇ ਉੱਤੋਂ ਸਾੜਸਤੀ ਕੱਲਰਾਂ ਦੀ,

ਦੇਣੀ ਹੈ 'ਕਰਾਹਾਂ' ਨੇ ਖਰੋਚ ਨੀ ।

ਤਾਹੀਓਂ ਅਸੀਂ ਘੁੱਟ ਕੇ ਮੰਡਾਸਾ ਸਿਰ ਬਨ੍ਹਿਆਂ ਏ,

ਚੁੱਕਣਾ ਮਨੁੱਖਤਾ ਦਾ ਭਾਰ ।

ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ ।

📝 ਸੋਧ ਲਈ ਭੇਜੋ