ਹਾਂ ਅਸੀਂ ਅਨਪੜ੍ਹ ਹਾਂ

ਹਾਂ, ਹਾਂ ਅਸੀਂ ਅਨਪੜ੍ਹ ਹਾਂ।

 ਨਹੀਂ ਵੇਖਣਾ ਆਉਂਦਾ ਸਾਨੂੰ ਟਾਈਮ।

 ਟਾਈਮ ਪੀਸ ਦੀਆਂ ਸੂਈਆਂ ਤੱਕ।

 ਸਾਡੇ ਵੇਲੇ ਕਿੱਥੇ ਹੁੰਦੀਆਂ ਸੀ ਘੜੀਆਂ।

 ਸਾਨੂੰ ਤੇ ਮਾਂ ਨੇ ਦੱਸਿਆ ਹੈ।

 ਨਿਤਨੇਮ ਵੇਲਾ, ਤੜਕੇ ਵੇਲਾ, ਸੰਝ ਵੇਲ਼ਾ

 ਰਹਿਰਾਸ ਸਾਹਿਬ ਵੇਲਾ, ਆਥਣ ਵੇਲ਼ਾ।

 ਸੌਂਣ ਵੇਲ਼ਾ ਤੇ ਉੱਠਣ ਵੇਲ਼ਾ।

 ਮਾਪਦੇ ਸੀ ਅਸੀਂ ਮਾਂ ਤੇ ਦਾਦੀ,

 ਦੀ ਮਧਾਣੀ ਦੀ ਅਵਾਜ਼ ਤੋਂ ਸੰਝ ਵੇਲ਼ਾ।

 ਪੰਛੀਆਂ ਨੂੰ ਆਲ੍ਹਣਿਆਂ ਵੱਲ ਪਰਤਦੇ ਵੇਖ।

 ਲੱਗਦਾ ਸੀ ਪਤਾ ਆਥਣ ਵੇਲ਼ਾ।

 ਸਾਨੂੰ ਤਾਂ ਬਲਦਾਂ ਦੀਆਂ ਟੱਲੀਆਂ ਤੋਂ

 ਬਾਬੇ ਦੇ ਬੋਲਣ ਦੀ ਅਵਾਜ਼ ਤੋਂ।

 ਕੁੱਕੜ ਦੀ ਬਾਂਗ ਤੋਂ, ਪਤਾ ਲੱਗਦਾ ਸੀ,

 ਕਿ ਹੋ ਗਿਆ ਪ੍ਰਭਾਤ ਵੇਲ਼ਾ।

 ਅਸਾਂ ਤਾਂ ਸਿੱਖਿਆ ਕੰਧਾਂ ਤੇ ਰੁੱਖਾਂ ਦੇ

 ਪਰਛਾਵੇਂ ਵੇਖ, ਵੇਖਣਾ ਲੋਢਾ ਵੇਲ਼ਾ।

 ਬਣਦੀ ਸੀ ਚਾਹ ਘਰਾਂ, ਸ਼ਾਹ ਵੇਲੇ।

 ਸੂਰਜ ਦੇ ਛਿਪਣ ਵੇਲ਼ੇ ਨੂੰ ਤੱਕ,

 ਰੋਟੀ ਟੁੱਕ ਵੇਲ਼ਾ ਕਹਿੰਦੇ ਸਾਂ।

 ਚੋਂਦੇ ਸਾਂ ਮੱਝਾਂ ਤੇ ਗਾਂਵਾਂ।

 ਪਾਉਂਦੇ ਸਾਂ ਡੰਗਰਾਂ ਥੱਲੇ, ਰੂੜੀ ਤੋਂ ਸੁੱਕ।

 ਜਿੱਥੇ ਨਿੱਘੇ ਹੋ ਸੌਂਦੇ ਸਨ ਉਹ।

 ਕੱਟਿਆਂ-ਕੱਟੀਆਂ, ਵੱਛੇ ਵੱਛੀਆਂ ਸੰਗ।

 ਤੇ ਕਰਦੇ ਸੀ ਉਗਾਲ਼ੀਆਂ, ਸਾਰੀ ਰਾਤ।

 ਦਿਨੇ ਖਾਧੇ ਹਰੇ ਪੱਠੇ, ਤੂੜੀ ਦੀਆਂ।

 ਅਸੀਂ ਤਾਂ ਵੇਖਿਆ ਹੈ ਸਮਾਂ।

 ਮੰਜੀਆਂ ਦੇ ਪਰਛਾਵੇਂ ਤੱਕ।

 ਸੂਰਜ ਦੇ ਚੜ੍ਹਨ ਤੇ ਛਿਪਣ ਨਾਲ਼।

 ਚੜ੍ਹਦਾ ਤੇ ਢਲ਼ਦਾ ਵੇਖਿਆ ਦਿਨ।

 ਗਿਣਦੇ ਸਾਂ ਦਿਨ ਅਸੀਂ।

 ਪੁੰਨਿਆਂ, ਮੱਸਿਆ ਤੇ ਚੰਦ ਵੇਖ।

 ਮਹੀਨਾ ਪਤਾ ਲੱਗਦਾ, ਸੰਗਰਾਂਦ ਸੁਣ,

 ਪਿੰਡ ਦੇ ਗੁਰਦੁਆਰੇ ਵਾਲ਼ੇ ਬਾਬੇ ਕੋਲ਼ੋਂ।

 ਸਾਡੀਆਂ ਘੜੀਆਂ ਸੈੱਲਾਂ ਦੀਆਂ,

 ਮੁਹਤਾਜ ਨਹੀਂ ਸੀ ਕਿ ਰੁਕ ਜਾਵੇ,

 ਘੜੀ ਦੀ ਠੁੱਕ ਠੁੱਕ, ਸੈੱਲ ਮੁੱਕਣ ਤੇ।

 ਸਾਡੀ ਘੜੀ ਬੰਦੇ ਥੋੜ੍ਹੀ ਬਣਾਈ।

 ਬਣਾਈ ਹੈ ਆਪ ਕੁਦਰਤ ਨੇ।

 ਸੂਰਜ, ਚੰਦ ਤਾਰਿਆਂ ਨੂੰ ਕਾਰਜ ਸੌਂਪ।

 ਹਵਾਵਾਂ ਤੇ ਰੁੱਤਾਂ ਦੀ ਪਹਿਰੇਦਾਰੀ ਹੇਠ।

 ਜਿਸ ਬਾਰੇ ਤੈਨੂੰ ਕਿੱਥੇ ਪਤਾ।

 ਤੂੰ ਕਿੱਥੇ ਮਾਣ ਸਕਿਆ ਇਹ ਸਭ।

 ਇਸ ਲਈ ਸਾਨੂੰ ਨਹੀਂ ਆਉਂਦਾ।

 ਵੇਖਣਾ ਤੁਹਾਡਾ ਟਾਈਮ ਪੀਸ।

 ਹਾਂ ਤੂੰ ਕਹਿ ਸਕਦਾ ਹੈਂ ਮੈਨੂੰ ਕਿ

 ਸਰਬ ਤੂੰ ਅਨਪੜ੍ਹ ਹੈਂ।

 ਜੋ ਐਨਾ ਕੁਝ ਜਾਣਦੀ ਏਂ।

 ਤੇ ਲਿਖਦੀਂ ਕਵਿਤਾ ਸੁਵੱਖਤੇ ਵੇਲ਼ੇ।

 ਕਰ ਕੁਦਰਤ ਨੂੰ ਨਮਸਕਾਰ।

 ਤੇ ਮਾਣਦੀ ਏਂ ਨਾਨਕ ਸਾਹਿਬ ਦੀ ਰਜ਼ਾ

 ਜਪਦੀ ਹੋਈ ਸਤਿ ਕਰਤਾਰ।

📝 ਸੋਧ ਲਈ ਭੇਜੋ