ਹਾਰ ਦੇ ਡਰ ਨੂੰ ਦੂਰ ਕਿਤੇ ਮੈਂ ਧਰ ਆਇਆ ਹਾਂ।
ਨੀਵਾਂ ਹੋ ਕੇ ਖ਼ੁਦ ਵਿੱਚੋਂ ਉੱਭਰ ਆਇਆ ਹਾਂ।
ਆ ਜਾ ਬਹਿ ਕੇ ਗੱਲਾਂ ਕਰੀਏ, ਹੱਸੀਏ, ਗਾਈਏ,
ਮੈਂ ਕੁਝ ਪਲ ਲਈ ਪੀੜਾਂ ਨੂੰ ਵਿੱਸਰ ਆਇਆ ਹਾਂ।
ਹਰਫ਼ਾਂ ਨੂੰ ਕਿਉਂ ਐਵੇਂ ਬੇ ਆਰਾਮ ਕਰਾਂ ਦੱਸ,
ਤੇਰਾ ਚਿਹਰਾ ਕੰਧ 'ਤੇ ਮੈਂ ਉੱਕਰ ਆਇਆ ਹਾਂ।
ਅੱਜ ਜਦੋਂ ਮੈਥੋਂ ਇਹ ਅੱਖ ਚੁਰਾਉਂਦੀ ਲੱਗੀ,
ਕਵਿਤਾ ਦੇ ਵਿਹੜੇ ਮੈਂ ਖ਼ੁਦ ਉੱਤਰ ਆਇਆ ਹਾਂ।
ਤੂੰ ਕੁਝ ਕੰਡੇ ਮੇਰੇ ਦਰ 'ਤੇ ਛੱਡ ਗਿਆ ਸੀ ,
ਬਦਲੇ ਵਿੱਚ ਫੁੱਲ ਲੈ ਕੇ ਤੇਰੇ ਘਰ ਆਇਆ ਹਾਂ।
ਸਮਿਆਂ ਮੇਰੇ ਪਾਣੀ ਨੂੰ ਗੰਧਲ਼ਾ ਦਿੱਤਾ ਸੀ,
ਆਪਣੇ ਅੰਦਰ ਲਹਿ ਕੇ ਮੈਂ ਨਿੱਤਰ ਆਇਆ।