ਅਸੀਂ ਤਾਂ ਉਦੋਂ ਨਹੀਂ ਹਾਰੇ
ਜਦੋਂ
ਸਾਡੇ ਸਿਰਾਂ ਦੇ ਪਏ ਸੀ ਮੁੱਲ
ਤੇ ਇਹਨਾਂ 'ਤੇ ਚੱਲੇ ਸੀ ਆਰੇ
ਦੇਗਾਂ ਵਿੱਚ ਗਏ ਸੀ ਉਬਾਲ਼ੇ
ਤੱਤੀਆਂ ਤਵੀਆਂ 'ਤੇ ਸੀ ਬਹਾਲ਼ੇ
ਚਰਖੜੀਆਂ 'ਤੇ ਚੜ੍ਹਾਏ ਗਏ
ਬੰਦ ਬੰਦ ਕਟਵਾਏ ਗਏ
ਬੱਚਿਆਂ ਦੇ ਟੁਕੜਿਆਂ ਦੇ ਹਾਰ
ਮਾਂਵਾਂ ਦੇ ਗਲ਼ਾ ਵਿੱਚ ਪਾਏ ਗਏ
ਹਾਰੇ ਤਾਂ ਅਸੀਂ ਉਦੋਂ ਵੀ ਨਹੀਂ ...
ਹਾਰੇ ਅਸੀਂ ਤਾਂ ਉਦੋਂ ਵੀ ਨਹੀਂ ...
ਜਦੋਂ
ਮਨੂੰ ਸਾਡੇ ਲਈ ਦਾਤਰੀ ਹੋਇਆ ਸੀ
ਸਾਕਿਆਂ ਘੱਲੂਘਾਰਿਆਂ ਵਿੱਚ ਸਾਡਾ
ਡਾਹਢਾ ਘਾਣ ਹੋਇਆ ਸੀ
ਅਸੀਂ ਤਦ ਵੀ ਨਹੀਂ ਸੀ ਹਾਰੇ
ਸਿਤਮ ਦੀ ਇੰਤਹਾ ਤੱਕ ਬੇਸ਼ੱਕ ਅਸਮਾਨ ਰੋਇਆ ਸੀ
ਜੰਗਲ਼ ਸਾਡੀ ਬਸਤੀ
ਤੇ ਘੋੜਾ-ਕਾਠੀ ਸਾਡਾ ਪਲ਼ੰਗ ਹੋਇਆ ਸੀ
ਹੁਣ ਤਾਂ ਫਿਰ ਵੀ ਟਰਾਲੀਆਂ ਦੀ
ਛੱਤ ਹੈ ਸਾਡੇ ਕੋਲ਼
ਲਾਲ ਬਾਲ ਪਾਲ ਭਗਤ ਸਿੰਘ ਸਰਾਭਾ ਤੇ
ਮੁਹੰਮਦ ਸਿੰਘ ਅਜ਼ਾਦ ਦੇ ਇਤਿਹਾਸ ਵਾਲ਼ੇ
ਵਰਕੇ ਫੋਲ਼ ਕੇ ਵੇਖ ਲਵੋ
ਕਿ ਹਾਰੇ ਅਸੀਂ ਕਦੀ ਵੀ ਨਹੀਂ
ਤੁਸੀਂ ਬਾਰ ਵਿੱਚ ਵੀ
ਸਾਡੀਆਂ ਪੈਲ਼ੀਆਂ ਨੂੰ ਹੱਥ ਪਾਇਆ ਸੀ
ਅਸੀਂ ਉਦੋਂ ਵੀ ਪਗੜੀ ਸੰਭਾਲ਼ ਜੱਟਾ ਦਾ ਨਾਹਰਾ ਲਾਇਆ ਸੀ
ਆਪਣੀਆਂ ਪੈਲ਼ੀਆਂ-ਧੀਆਂ ਨੂੰ ਬਚਾਇਆ ਸੀ
ਹਾਰੇ ਤਾਂ ਅਸੀਂ ਉਦੋਂ ਵੀ ਨਹੀਂ
ਜਦੋਂ
ਤੋਪਾਂ ਅੱਗੇ ਤੂੰਬਾ ਤੂੰਬਾ
ਕਰਕੇ ਉਡਾਏ ਗਏ
ਜਲ੍ਹਿਆਂ ਵਾਲ਼ੇ ਬਾਗ਼ ਵਿੱਚ
ਲਾਣ ਵਾਂਗ ਵਿਛਾਏ ਗਏ
ਮਹੰਤਾਂ ਖ਼ਿਲਾਫ਼ ਮੋਰਚਿਆਂ ਵਿੱਚ
ਕਦੇ ਨਨਕਾਣੇ ਗੋਲ਼ੀਆਂ ਨਾਲ਼ ਮਰਵਾਏ ਗਏ
ਕਦੇ ਪੰਜਾ ਸਾਹਿਬ ਰੇਲਾਂ ਹੇਠ ਕਟਵਾਏ ਗਏ ...
ਸਾਨੂੰ ਸਾਡੇ ਬਿਰਖਾਂ ਵਰਗੇ ਬਾਬਿਆਂ ਦਾਦਿਆਂ ਦਾ
ਪਿੰਡਿਆਂ 'ਤੇ ਹੰਡਾਇਆ ਇਤਿਹਾਸ ਦੱਸਦਾ ਹੈ
ਹਮੇਸ਼ਾ ਸੱਚ ਸਿਦਕ ਦੀ ਜਿੱਤ ਹੁੰਦੀ ਹੈ
ਸਿਤਮ ਦੀ ਕਦੇ ਵੀ ਨਹੀਂ ।