ਹਾਸਾ ਵੀ ਇਜ਼ਹਾਰ ਜਿਹਾ ਈ ਹੁੰਦਾ ਏ

ਹਾਸਾ ਵੀ ਇਜ਼ਹਾਰ ਜਿਹਾ ਈ ਹੁੰਦਾ ਏ 

ਇਕ ਤਰ੍ਹਾਂ ਦਾ ਪਿਆਰ ਜਿਹਾ ਈ ਹੁੰਦਾ ਏ

ਖਾਲੀ ਸੱਜਣ ਕੋਲ਼ੋਂ ਹੀ ਲੰਘ ਜਾਵਣ ਤੇ 

ਉਹ ਵੀ ਦਿਨ ਤਿਉਹਾਰ ਜਿਹਾ ਈ ਹੁੰਦਾ ਏ

ਚੰਨਾ ਚੰਨ ਨੂੰ ਖ਼ੌਰੇ ਕੀ ਚਾ ਕੀਤਾ ਈ 

ਜਦ ਵੇਖਾਂ ਬੀਮਾਰ ਜਿਹਾ ਈ ਹੁੰਦਾ ਏ 

ਮਾੜੇ ਤੇ ਮਜ਼ਦੂਰ ਦੇ ਈ ਕਿਉਂ ਚਾਵਾਂ ਦਾ 

ਗਲਮਾ ਤਾਰੋ ਤਾਰ ਜਿਹਾ ਈ ਹੁੰਦਾ ਏ 

ਬਾ'ਜ਼ੇ ਵੇਲ਼ੇ ਤੱਕਣਾ ਵੀ ਕੁਝ ਲੋਕਾਂ ਦਾ 

ਦਿਲ ਦੇ ਲਈ ਤਲਵਾਰ ਜਿਹਾ ਈ ਹੁੰਦਾ ਏ

ਹੋਰ ਤੇ ਕੁਝ ਨਈਂ ਇਸ਼ਕ 'ਚ ਸਾਰੀ ਜ਼ਿੰਦਗੀ ਦਾ 

ਐਵੇਂ ਬਸ ਬੁਖਾਰ ਜਿਹਾ ਈ ਹੁੰਦਾ ਏ 

‘ਸੰਧੂ’ ਜੇਕਰ ਬੰਦਾ ਗੱਲ ਨੂੰ ਸਮਝੇ ਤੇ 

ਵਾਅਦਾ ਵੀ ਇੱਕ ਭਾਰ ਜਿਹਾ ਈ ਹੁੰਦਾ ਏ

📝 ਸੋਧ ਲਈ ਭੇਜੋ