ਹੱਦ ਤੋਂ ਵੱਧ, ਦਿਲਬਰੀ ਨੂੰ ਰਹਿਣ ਦੇ,
ਕੋਲ ਹੈ ਜਿੰਨੀ ਖ਼ੁਸ਼ੀ, ਨੂੰ ਰਹਿਣ ਦੇ ।
ਇਸ ਦੀ ਭਲਿਆਈ, ਨਈਂ ਆਰਾਮ ਵਿਚ,
ਉਲਝਣਾਂ ਵਿਚ, ਜ਼ਿੰਦਗੀ ਨੂੰ ਰਹਿਣ ਦੇ ।
ਸਖ਼ਤ ਦਿਲ ਦੁਨੀਆਂ ਦੇ, ਮੋਮ ਹੋਣੇ ਨਈਂ,
ਪਥਰਾਂ ਨਾਲ, ਸਰਕਸ਼ੀ ਨੂੰ ਰਹਿਣ ਦੇ ।
ਉਸ ਲਈ ਨਾ ਬੰਨ੍ਹ, ਤਾਰੀਫ਼ਾਂ ਦੇ ਪੁਲ਼,
ਆਦਮੀ ਹੀ, ਆਦਮੀ ਨੂੰ ਰਹਿਣ ਦੇ ।
ਯਾ ਤਸੱਲੀ ਦੇ, ਮੇਰਾ ਬਣ ਜਾਏਂਗਾ,
ਯਾ ਮਿਰੀ, ਦੀਵਾਨਗੀ ਨੂੰ ਰਹਿਣ ਦੇ ।
ਬੰਨ੍ਹ ਰਸਮਾਂ ਦੇ, ਨਈਂ ਸਕਦਾ ਜੇ ਤੋੜ,
ਰਹਿਣ ਦੇ ਫ਼ਿਰ, ਦਿਲ-ਲਗੀ ਨੂੰ ਰਹਿਣ ਦੇ ।
ਦੋਸਤੀ ਚੰਗੀ, ਨਿਭਾਵਣ ਵਾਸਤੇ,
ਕੋਲ਼ ਵੀ ਕੁਝ, ਦੁਸ਼ਮਣੀ ਨੂੰ ਰਹਿਣ ਦੇ ।
ਮੇਰੀਆਂ ਸੋਚਾਂ ਸਰਾ੍ਹਣੇ, ਨਾ ਖਲੋ,
ਮੇਰੇ ਸਿਰ ਵਿਚ, ਖਲਬਲੀ ਨੂੰ ਰਹਿਣ ਦੇ ।
ਲੋੜ ਰਹਿਣੀ ਏਂ ਸਦਾ, 'ਅਸ਼ਰਫ਼' ਓਹਦੀ,
ਕੋਲ ਭੋਰਾ ਕੁ, ਗ਼ਮੀ ਨੂੰ ਰਹਿਣ ਦੇ ।