ਬੰਦੇ ਨੇ ‘ਮਸਨੂਈ ਕੰਪਿਊਟਰੀ ਗਿਆਨ * ਨਾਲ਼
ਮਸਨੂਈ ਬੰਦਾ ਬਣਾਇਆ
ਰੋਬਟ
ਮਸਨੂਈ ਕੰਪਿਊਟਰੀ ਗਿਆਨ ਨੇ
ਅਸਲੀ ਬੰਦੇ ਨੂੰ ਰੋਬਟ ਬਣਾ ਦਿੱਤਾ
ਹੱਡ-ਮਾਸ ਵਾਲ਼ਾ
ਚਿੱਟੇ ਖੂਨ ਵਾਲ਼ਾ
ਪੱਥਰ-ਚਿੱਤ ਰੋਬਟ
ਜੋ ਸੱਥਰ ਤੇ ਬੈਠਾ ਵੀ ਮਸ਼ੀਨ ਵਾਂਗ
ਮਾਤਮ-ਰਹਿਤ ਅਡੋਲ ਰਹਿ
ਲੋਥ ਦੀਆਂ ਵੀ ਤਸਵੀਰਾਂ ਲੈ ਸਕਦਾ ਹੈ
ਮੌਤ ਦੇ ਮੂੰਹ ਵਿੱਚ ਪਏ ਸਹਿਕਦੇ ਬੰਦੇ ਨੂੰ
ਬਚਾਉਣ ਦੀ ਥਾਂ
ਉਸ ਦੀਆਂ ਵੱਖੋ ਵੱਖ ਤੜਫਣ ਕਿਰਿਆਵਾਂ ਨੂੰ
ਕੈਮਰਾਬੰਦ ਕਰਨ ਨੂੰ ਤਰਜੀਹ ਦੇ
ਉਸਦੀਆਂ ਵੀਡੀਓਜ਼ ਬਣਾ ਸਕਦਾ ਹੈ
ਮੋਏ ਪੁੱਤ ਦੀ ਲਾਸ਼ ਤੇ ਵੈਣ ਪਾਉਂਦੀ ਮਾਂ ਦਾ
ਲਾਈਵ ਸ਼ੋਅ ਵਿਖਾ ਸਕਦਾ ਹੈ
ਸੋਗ ਵਿੱਚ ਡੁੱਬੇ ਬੇਸੁੱਧ ਪਿਓ ਦੇ ਗਲ ਵਿੱਚ ਪਈ
ਪੱਗ ਨੂੰ ਛੁਪਾਉਣ ਦੀ ਬਜਾਏ ਹੁੱਬ ਹੁੱਬ ਵਿਖਾ ਸਕਦੈ
ਇਹ ਇਨਸਾਨੀ ਬਸਤੀਆਂ ਨੇ ਕਿ ਮਸਾਣਾਂ ?
ਇਹ ਬੰਦੇ ਨੇ ਕਿ ਸੰਵੇਦਨਾਹੀਣ ਕੰਪਿਊਟਰੀ-ਪ੍ਰੇਤ ?
ਬਣਾਉਟੀ ਕੰਪਿਊਟਰੀ ਗਿਆਨ ਨਾਲ਼
ਬਣਾਉਟੀ ਬੰਦਾ ਬਣਾਉਣ ਵਾਲ਼ਾ ਬੰਦਾ
ਖ਼ੁਦ ਬਣਾਉਟੀ ਬੰਦਾ ਬਣ ਚੁੱਕਾ ਹੈ
ਮਹਿਜ ਇੱਕ ਹੱਡ-ਮਾਸ ਵਾਲ਼ਾ ਰੋਬਟ
* ਕੰਪਿਊਟਰ ਖੇਤਰ ਨਾਲ ਸੰਕਲਪ -
ਮਸਨੂਈ ਗਿਆਨ