ਹੜ੍ਹ ਦੇ ਮੌਸਮ, ਵਿਚ ਦਰਿਆਵਾਂ, ਵੇਖਿਆਂ ਮੁੱਦਤ ਹੋਈ ਏ ।
ਪਾਣੀ ਚੁੱਕੀ ਫਿਰਦੀਆਂ 'ਵਾਵਾਂ', ਵੇਖਿਆਂ ਮੁੱਦਤ ਹੋਈ ਏ ।
ਆਵਣ ਵਾਲਾ ਹਰ ਮੌਸਮ ਈ, ਰੂਪ ਬਦਲ ਕੇ ਆਉਂਦਾ ਏ,
ਅਸਲੀ ਧੁੱਪਾਂ, ਅਸਲੀ ਛਾਵਾਂ, ਵੇਖਿਆਂ ਮੁੱਦਤ ਹੋਈ ਏ ।
ਹਾਸੇ ਅੰਦਰ ਸੁੱਚਲ ਖ਼ੁਸ਼ੀਆਂ, ਦਾ ਰੰਗ ਨਜ਼ਰੀਂ ਆਉਂਦਾ ਨਹੀਂ,
ਮੁੱਖੜੇ ਖਿੜਦੇ ਵਾਂਗ ਕਪਾਹਵਾਂ, ਵੇਖਿਆਂ ਮੁੱਦਤ ਹੋਈ ਏ ।
ਡਿਉੜੀ ਦੇ ਵਿਚ, ਤਾਂਘਾਂ ਵਾਲਾ, ਦੀਵਾ ਬਾਲ ਕੇ ਪੁੱਤਰਾਂ ਲਈ,
ਰਾਤਾਂ ਜਾਗਣ ਵਾਲੀਆਂ ਮਾਵਾਂ, ਵੇਖਿਆਂ ਮੁੱਦਤ ਹੋਈ ਏ ।
ਲਗਦੈ ਉਹਦੇ ਲਹੂ ਦੀ ਗਰਮੀ, ਛੱਡ ਦਿੱਤਾ ਏ ਉਹਦਾ ਸਾਥ,
ਉਹਨੂੰ ਫਿਰਦੇ ਨਾਲ ਬਲਾਵਾਂ, ਵੇਖਿਆਂ ਮੁੱਦਤ ਹੋਈ ਏ ।
ਵਰ੍ਹਿਆਂ ਤੋਂ ਏ, ਸ਼ਹਿਰਾਂ ਉਪਰ, ਰਾਜ ਸੁਲਘਦੇ ਸੂਰਜ ਦਾ,
ਭੋਰਾ ਜਿੰਨ੍ਹਾਂ ਵੀ ਪਰਛਾਵਾਂ, ਵੇਖਿਆਂ ਮੁੱਦਤ ਹੋਈ ਏ ।
ਕੀ ਹੋਇਆ ਜੇ, ਉਹਦਾ ਸਾਲਾਂ, ਪਿੱਛੋਂ ਵੀ ਖ਼ਤ ਆਇਆ ਨਹੀਂ,
ਸਾਨੂੰ ਵੀ ਤੇ, ਉਹਦੀਆਂ ਰਾਹਵਾਂ, ਵੇਖਿਆਂ ਮੁੱਦਤ ਹੋਈ ਏ ।
ਹਾਲੇ ਤੀਕ ਵੀ ਸਾਡੇ ਜੁੱਸੇ, ਓਸ ਤਰ੍ਹਾਂ ਈ ਠਰਦੇ ਨੇ,
ਉਂਜ 'ਤੇ ਸਾਨੂੰ ਠੰਢੀਆਂ ਥਾਵਾਂ, ਵੇਖਿਆਂ ਮੁੱਦਤ ਹੋਈ ਏ ।