ਹੈ ਗਾਥਾ ਪੁਸਤਕਾਂ ਵਿੱਚ ਹੋਰ ਆਜ਼ਾਦੀ ਦਿਹਾੜੇ ਦੀ।
ਮੇਰੇ ਬਾਪੂ ਦੀ ਵੱਖਰੀ ਆਪਬੀਤੀ ਹੈ ਉਜਾੜੇ ਦੀ।
ਜਾਂ ਮੇਰਾ ਦਰਦ ਰੋਕੋ ਜਾਂ ਜੜ੍ਹੋਂ ਪੁਟਵਾ ਦਿਓ ਮੈਨੂੰ,
ਮੈਂ ਦੁਖਦੀ ਦਾੜ੍ਹ ਹਾਂ ਇਸ ਲੋਕਤੰਤਰ ਦੇ ਜਬਾੜੇ ਦੀ।
ਇਹ ਕੈਸੀ ਖੇਡ, ਜਿਸ ਦੀ ਭਾਵਨਾ ਕੇਵਲ ਛਲਾਵਾ ਹੈ,
ਅਤੇ ਵਿਚਕਾਰ ਹੈ ਢੇਰੀ ਜ਼ਮੀਰਾਂ ਦੇ ਕਬਾੜੇ ਦੀ।
ਉਹ ਫੱਟੀਆਂ-ਬਸਤਿਆਂ ਵਾਲ਼ੇ ਪਰਿੰਦੇ ਪਰਤ ਆਉਂਦੇ ਨੇ,
ਹੈ ਛਿੜਦੀ ਬਾਤ ਜਦ ਵੀ ਪਿਆਰ ਦੇ ਜੇਬੀ-ਪਹਾੜੇ ਦੀ।
ਹੈ ਸਭ ਦਾ ਆਪਣਾ ਆਕਾਸ਼ ਸਭ ਦੀ ਆਪਣੀ ਧਰਤੀ,
ਕਿਸੇ ਨੂ ਮੇਲ਼ ਦੀ ਚਿੰਤਾ ਕਿਸੇ ਨੂੰ ਰੇਲ ਭਾੜੇ ਦੀ।
ਅਸੀਂ ਚਿੰਤਾ ਰਹੇ ਕਰਦੇ ਸਰੀਰਾਂ ਦੀ, ਜ਼ਗੀਰਾਂ ਦੀ,
ਛਿੜੇਗੀ ਬਾਤ ਅਗਲੇ ਪਾਰ ਹੁਣ ਰੂਹਾਂ ਦੇ ਪਾੜੇ ਦੀ।
ਤੂੰ ਨਗ਼ਮੇ ਜ਼ਿੰਦਗੀ ਦੇ ਗਾ, ਗ਼ਜ਼ਲ ਦੇ ਤਾਨ ਛੇੜੀ ਜਾਹ,
ਕਰੀਂ ਚਿੰਤਾ ਕਦੇ 'ਆਦੇਸ਼'ਨਾ 'ਅੰਕੁਸ਼' ਦੇ ਸਾੜੇ ਦੀ।